ਇਸਲਾਮਾਬਾਦ :2011 ਵਿਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਨੂੰ ਪਾਕਿਸਤਾਨੀ ਅਦਾਲਤ ਨੇ ਇਕ ਹੋਰ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿਚ ਇਸ ਅੱਤਵਾਦੀ 'ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜਿਕਰਯੋਗ ਹੈ ਕਿ ਹੋਰ ਅੱਤਵਾਦੀ ਮਾਮਲਿਆਂ ਵਿਚ ਵੀ ਪਹਿਲਾਂ ਹੀ 21 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਹੁਣ ਜੇਲ੍ਹ ਵਿਚ ਹਾਫਿਜ਼ ਸਈਦ ਨੂੰ 36 ਸਾਲ ਦੀ ਸਜ਼ਾ ਕੱਟਣੀ ਪਵੇਗੀ। 70 ਸਾਲ ਦੇ ਹਾਫਿਜ਼ ਸਈਦ ਦੀ ਬਾਕੀ ਬਚੀ ਜ਼ਿੰਦਗੀ ਹੁਣ ਜੇਲ੍ਹ ਵਿਚ ਹੀ ਬੀਤੇਗੀ। ਹੁਣ ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਅੱਤਵਾਦੀ ਫੰਡਿੰਗ ਦੇ ਪੰਜ ਮਾਮਲਿਆਂ ਵਿੱਚ 36 ਸਾਲ ਦੀ ਕੈਦ ਕੱਟਣੀ ਪਏਗੀ। ਉਸ ਦੀ ਸਜ਼ਾ ਇਨ੍ਹਾਂ ਮਾਮਲਿਆਂ ਵਿਚ ਇਕੱਠੇ ਹੋਏਗੀ।
ਜਿਕਰਯੋਗ ਹੈ ਕਿ ਅਕਤੂਬਰ ਵਿਚ ਹੋਈ ਐੱਫ.ਏ.ਟੀ.ਐੱਫ. ਦੀ ਬੈਠਕ ਵਿਚ ਵੀ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਕੰਮ ਨਾ ਕਰਨ 'ਤੇ ਗ੍ਰੇ ਲਿਸਟ ਵਿਚ ਹੀ ਰੱਖਣ 'ਤੇ ਸਹਿਮਤੀ ਬਣੀ ਸੀ। FATF ਨੇ ਕਿਹਾ ਸੀ ਕਿ ਪਾਕਿਸਤਾਨ ਨੇ ਉਸ ਦੀਆਂ 27 ਸੂਤਰੀਂ ਯੋਜਨਾਵਾਂ ਵਿਚੋਂ ਸਿਰਫ 21 ਨੂੰ ਹੀ ਪੂਰਾ ਕੀਤਾ ਹੈ। ਇਸ ਵਿਚ ਭਾਰਤ ਵਿਚ ਲੋੜੀਂਦੇ ਅੱਤਵਾਦੀਆਂ ਮੌਲਾਨਾ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਖਿਲਾਫ਼ ਕਾਰਵਾਈ ਨਾ ਕਰਨਾ ਵੀ ਸ਼ਾਮਲ ਸੀ। ਪਾਕਿਸਤਾਨ ਨੂੰ ਬੇਸ਼ੱਕ ਇਹ ਫੈਸਲਾ ਮਜਬੂਰੀ ਵਸ ਲੈਣਾ ਪਿਆ ਹੈ ਪਰ ਇਸ ਫ਼ੈਸਲੇ ਨਾਲ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਕੁਝ ਰਾਹਤ ਮਿਲੀ ਹੈ।