ਕੋਲੰਬੋ : ਧਰਮਕ ਭਾਵਨਾਵਾਂ ਭੜਕਾਉਣ ਦੇ ਇਰਾਦੇ ਨਾਲ ਕਾਲੀ ਮਾਤਾ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਪ੍ਰਕਾਸ਼ਤ ਕਰਨ ਵਿਰੁਧ ਸ਼੍ਰੀਲੰਕਾ ਵਿਚ ਰੱਫ਼ੜ ਪੈ ਗਿਆ ਹੈ। ਜਾਣਕਾਰੀ ਮੁਤਾਬਕ ਸ਼੍ਰੀਲੰਕਾ ਵਿਚ ਇਕ ਔਰਤ ਵੱਲੋਂ ਮਾਂ ਕਾਲੀ ਦੀ ਤਸਵੀਰ ਪੋਸਟ ਕਰਨ 'ਤੇ ਰੌਲਾ ਪੈ ਗਿਆ ਹੈ ਕਿਉ ਕਿ ਇਸ ਤਸਵੀਰ ਨਾਲ ਛੇੜਛਾੜ ਕਰ ਕੇ ਤਬਦੀਲੀ ਕੀਤੀ ਗਈ ਸੀ। ਹਿੰਦੂ ਸੰਗਠਨ ਨੇ ਕਿਹਾ ਕਿ ਇਸ ਭੜਕਾਊ ਪੋਸਟ ਨੇ ਲੋਕਾਂ ਨੂੰ ਦੁਖੀ ਕੀਤਾ ਹੈ। ਤਮਿਲ ਸ਼੍ਰੀਲੰਕਾ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਇਸ ਪੋਸਟ ਅਤੇ ਫੇਸਬੁੱਕ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਜਿਸ ਔਰਤ ਨੇ ਇਹ ਪੋਸਟ ਪਾਈ ਹੈ ਉਹ ਪੇਸ਼ੇ ਵਜੋ ਵਕੀਲ ਹੈ। ਸ਼੍ਰੀਲੰਕਾ ਦੇ ਤਮਿਲ ਭਾਈਚਾਰੇ ਦੇ ਲੋਕਾਂ ਨੇ ਦੋਸ਼ੀ ਵਕੀਲ ਬੀਬੀ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਕ ਹੋਰ ਜਥੇਬੰਦੀ ਨੇ ਕਿਹਾ ਕਿ ਇਸ ਦੇਸ਼ ਵਿਚ ਫੇਸਬੁੱਕ ਪੋਸਟ ਨੂੰ ਫਿਰਕਾਪ੍ਰਸਤੀ ਭੜਕਾਉਣ ਲਈ ਕੀਤਾ ਗਿਆ ਹੈ। ਉਸ ਨੇ ਸ਼੍ਰੀਲੰਕਾਈ ਤਮਿਲਾਂ ਨੂੰ ਅਪੀਲ ਕੀਤੀ ਕਿ ਉਹ ਦੋਸ਼ੀ ਵਕੀਲ ਔਰਤ ਵਿਰੁਧ ਸ਼ਿਕਾਇਤ ਦਰਜ ਕਰਾਉਣ ਲਈ ਮੁਹਿੰਮ ਚਲਾਉਣ। ਦਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਬੀਬੀ ਜੀਵਨੀ ਕਰਿਯਾਵਸਨ ਫੇਸਬੁੱਕ 'ਤੇ ਇਸ ਤਰ੍ਹਾਂ ਦੀਆਂ ਪੋਸਟਾਂ ਕਰ ਰਹੀ ਹੈ। ਕਈ ਸੰਗਠਨਾਂ ਨੇ ਇਸ ਸਬੰਧੀ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਦੇ ਸਾਂਸਦ ਐੱਮ ਗਨੇਸ਼ਨ ਨੇ ਕਿਹਾ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ।