ਲੰਡਨ : ਕਹਿੰਦੇ ਹਨ ਕੇ ਮਾਂ ਰੱਬ ਦਾ ਰੂਪ ਹੁੰਦੀ ਹੈ ਪਰ ਕਈ ਵਾਰ ਇਹ ਕਥਨ ਝੂਠ ਸਾਬਤ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਇੰਗਲੈਂਡ, ਨਾਟਿੰਘਮਸ਼ਾਇਰ ਵਿਚ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਤ੍ਰਾਹ ਤ੍ਰਾਹ ਕਰ ਉਠੇਗਾ। ਇੱਥੇ ਇੱਕ 19 ਮਹੀਨੇ ਦੀ ਬੱਚੀ ਨੂੰ ਉਸ ਦੀ ਨਸ਼ੇੜੀ ਮਾਂ ਨੇ ਉਬਲਦੇ ਪਾਣੀ ਨਾਲ ਸਾੜ ਦਿੱਤਾ।
ਦੱਸ ਦਈਏ ਕਿ ਔਰਤ ਨੇ ਨਾ ਸਿਰਫ ਕੋਕੀਨ ਪੀ ਕੇ ਬੱਚੀ 'ਤੇ ਉਬਲਦੇ ਪਾਣੀ ਸੁੱਟਿਆ ਸਗੋਂ ਉਸ ਤੋਂ ਬਾਅਦ 1 ਘੰਟੇ ਤਕ ਬੱਚੀ ਇਸੇ ਹਾਲਤ ਵਿਚ ਤੜਫਦੀ ਰਹੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅਦਾਲਤ ਨੇ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੂਤਰਾਂ ਅਨੁਸਾਰ ਕੈਟੀ ਕ੍ਰਾਉਡਰ (26) ਨੇ ਆਪਣੀ 19 ਮਹੀਨੇ ਦੀ ਬੇਟੀ ਗ੍ਰੇਸੀ ਨੂੰ ਉਬਲਦੇ ਪਾਣੀ ਨਾਲ ਸਾੜ ਕੇ ਮਾਰ ਦਿੱਤਾ। ਅਦਾਲਤ ਵਿਚ ਸਰਕਾਰੀ ਵਕੀਲ ਨੇ ਦੱਸਿਆ ਕਿ ਜਦੋਂ ਕੇਟੀ ਨੇ ਇਹ ਜੁਰਮ ਕੀਤਾ, ਉਸ ਵੇਲੇ ਉਹ ਕੋਕੀਨ ਦੇ ਨਸ਼ੇ ਵਿਚ ਸੀ।
ਕੇਟੀ ਨੇ ਨਾ ਸਿਰਫ ਲੜਕੀ 'ਤੇ ਪਾਣੀ ਸੁੱਟਿਆ, ਬਲਕਿ ਉਸ ਨੂੰ ਇਕ ਘੰਟੇ ਤਕ ਬੱਚੀ ਨੂੰ ਤੜਪ-ਤੜਪ ਕੇ ਮਰਦੇ ਵੇਖਿਆ। ਨਾਟਿੰਘਮ ਕਰਾਊਨ ਕੋਰਟ ਨੇ ਕੈਟੀ ਨੂੰ 21 ਸਾਲ ਕੈਦ ਦੀ ਸਜਾ ਸੁਣਾਈ। ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਸਾਰੀ ਘਟਨਾ ਮਨੁੱਖਤਾ ਤੋਂ ਵਿਸ਼ਵਾਸ ਚੁੱਕਣ ਵਾਲੀ ਹੈ। ਇਸ ਘਟਨਾ ਤੋਂ ਸਬਕ ਇਹ ਹੈ ਕਿ ਨਸ਼ੇ ਦੇ ਆਦੀ ਮਾਪੇ ਆਪਣੇ ਬੱਚਿਆਂ ਲਈ ਖਤਰਨਾਕ ਕਿਵੇਂ ਸਾਬਤ ਹੋ ਸਕਦੇ ਹਨ। ਗ੍ਰੇਸੀ ਦੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਉਸ ਦੇ ਸਰੀਰ ਦਾ 65% ਹਿੱਸਾ ਉਬਲਦੇ ਪਾਣੀ ਨਾਲ ਸੜ ਗਿਆ ਸੀ।
ਡਾਕਟਰਾਂ ਅਨੁਸਾਰ ਇਹ ਬਹੁਤ ਹੀ ਦੁਖਦਾਈ ਮੌਤ ਸੀ ਕਿਉਂਕਿ ਲੜਕੀ ਦੀ ਮੌਤ ਜਲਣ ਨਾਲ ਨਹੀਂ, ਬਲਕਿ ਦਰਦ ਕਾਰਨ ਹੋਈ ਸੀ। ਲੜਕੀ ਸੜ ਜਾਣ ਤੋਂ ਬਾਅਦ ਤਕਰੀਬਨ ਇੱਕ ਘੰਟਾ ਜ਼ਿੰਦਾ ਸੀ ਅਤੇ ਉਸ ਨੂੰ ਬਚਾਇਆ ਜਾ ਸਕਦਾ ਸੀ ਪਰ ਕੇਟੀ ਨੇ ਅਜਿਹਾ ਨਹੀਂ ਕੀਤਾ। ਕੇਟੀ ਦੇ ਮਾਪਿਆਂ ਦਾ ਘਰ ਵੀ ਥੋੜੀ ਦੂਰੀ ‘ਤੇ ਹੀ ਸੀ ਅਤੇ ਜੇ ਉਹ ਚਾਹੁੰਦੀ ਤਾਂ ਉਨ੍ਹਾਂ ਨੂੰ ਬੁਲਾ ਸਕਦੀ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਬੱਚੀ ਨੂੰ ਮਰਨ ਦਿੱਤਾ। ਦੱਸ ਦਈਏ ਕਿ ਜੱਜ ਨੇ ਕੈਟੀ ਦੀ ਮਾਨਸਿਕ ਸਥਿਤੀ ਦਾ ਜਾਇਜ਼ਾ ਲੈ ਕੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।