ਕਾਲਾਂਵਾਲੀ : ਖੇਤਰ ਦੇ ਕਸਬਾ ਔਢਾਂ ਵਿਖੇ ਕੱਲ ਸਰਕਾਰੀ ਆਈ.ਟੀ.ਆਈ.ਵਿੱਚ ਲੋਹੇ ਦੀ ਪੌੜੀ ਵਿੱਚ ਬਿਜਲੀ ਦਾ ਕਰੰਟ ਆਉਣ ਨਾਲ ਪਿਤਾ-ਪੁਤਰ ਕਰਮਚਾਰੀ ਅਤੇ ਇੱਕ ਵਿਦਿਆਰਥੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋਣ ਸਦਕਾ ਅੱਜ ਹਰਿਆਣਾ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਰਾਜ ਪਾਲ ਯਾਦਵ ਨੇ ਮ੍ਰਿਤਕਾਂ ਦੇ ਘਰ ਜਾ ਕੇ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੂਪੈ ਦੇ ਚੈਕ ਦਿੱਤੇ ਅਤੇ ਸ਼ੋਕ ਗ੍ਰਸਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਅ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਹੋਰਾਂ ਤੋਂ ਇਲਾਵਾਂ ਕਾਲਾਂਵਾਲੀ ਦੇ ਐਸ.ਡੀ.ਐਮ ਮਨੋਜ ਖੱਤਰੀ, ਡੀ.ਐਸ.ਪੀ ਕਾਲਾਂਵਾਲੀ ਨਰ ਸਿੰਘ, ਬਲਾਕ ਸਿੱਖਿਆ ਅਧਿਕਾਰੀ ਹਰਮੇਲ ਸਿੰਘ ਵੀ ਹਾਜ਼ਰ ਸਨ। ਗੰਭੀਰ ਜ਼ਖਮੀ ਵਿਦਿਆਰਥੀ ਦਾ ਅਗਰੋਹਾ ਮੈਡੀਕਲ ਵਿੱਚ ਇਲਾਜ਼ ਚੱਲ ਰਿਹਾ ਹੈ, ਜਿਥੇ ਉਸਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ। ਧਿਆਨ ਰਹੇ ਕਿ ਮ੍ਰਿਤਕਾਂ ਵਿੱਚ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜੰਡਵਾਲਾ ਜਾਟਾਂ, ਸਫਾਈ ਕਰਮਚਾਰੀ ਕੇਵਲ ਸਿੰਘ ਪੁੱਤ ਇੰਦਰਪਾਲ ਅਤੇ ਮਾਲੀ ਇੰਦਰਪਾਲ ਪੁੱਤਰ ਬਸਤੀ ਰਾਮ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਵਿਦਿਆਰਥੀ ਰਮੇਸ਼ ਕੁਮਾਰ ਪੁੱਤਰ ਦੇਵੀਲਾਲ ਵਾਸੀ ਨੂਹੀਆਂਵਾਲੀ ਸ਼ਾਮਿਲ ਹੈ। ਮ੍ਰਿਤਕਾਂ ਦੇ ਵਾਰਸਾਂ ਨੇ ਰਾਤੀ ਲਾਸ਼ਾਂ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅੱਜ ਸਰਕਾਰੀ ਅਧਿਕਾਰੀਆਂ ਨੇ ਪ੍ਰਰਿਵਾਰ ਨੂੰ ਸਹਿਮਤ ਕਰਕੇ ਲਾਸ਼ਾਂ ਦਾ ਸੰਸਕਾਰ ਕਰਵਾ ਦਿੱਤਾ।
ਅੱਜ ਮ੍ਰਿਤਕਾਂ ਦੇ ਸੰਸਕਾਰ ਸਮੇਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਤੰਵਰ, ਜਜਪਾ ਦੇ ਡਾ: ਅਜੈ ਸਿੰਘ ਚੋਟਾਲਾ, ਡਾ: ਕੇ. ਬੀ ਸਿੰਘ, ਵਕੀਲ ਗੁਰਰਤਨ ਪਾਲ ਕਿੰਗਰਾਂ, ਸਰਪੰਚ ਪ੍ਰਤੀਨਿਧੀ ਕ੍ਰਿਸ਼ਨ ਕੁਮਾਰ, ਮੰਦਰ ਸਿੰਘ ਕੰਡਕਟਰ, ਕਰਨੈਲ ਸਿੰਘ ਔਢਾਂ ਸਮੇਤ ਵੱਡੀ ਗਿਣਤੀ 'ਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਖੇਤਰ ਵਾਸੀ ਅਤੇ ਮੁਲਾਜ਼ਮ ਆਗੂ ਪੁਜੇ ਹੋਏ ਸਨ। ਉਧਰ ਜਦੋਂ ਸਾਡੇ ਨੁਮਾਇੰਦੇ ਨੇ ਤੱਥਾ ਦੀ ਪੜਤਾਲ ਕੀਤੀ ਤਾਂ ਬਿਜਲੀ ਵਿਭਾਗ ਦੀਆਂ ਤਾਰਾਂ ਸਰਕਾਰੀ ਆਈ ਟੀ ਆਈ ਦੇ ਗਰਾਊਡ ਦੇ ਅੰਦਰ ਤੋਂ ਗੁਜ਼ਰ ਰਹੀਆਂ ਸਨ, ਜਿਨ੍ਹਾਂ ਨੂੰ ਪ੍ਰੀਸਰ ਦੇ ਅੰਦਰੋ ਹਟਾਉਣ ਹਿਤ ਪ੍ਰਿਸੀਪਲ ਅਤੇ ਸਟਾਫ਼ ਨੇ ਕਈ ਵਾਰ ਵਿਭਾਗ ਕੋਲ ਬੇਨਤੀ ਕੀਤੀ ਸੀ। ਸਥਾਂਨਕ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾ ਪ੍ਰਵਾਹੀ ਕਾਰਨ ਹੀ ਐਨ੍ਹਾ ਵੱਡਾ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਮ੍ਰਿਤਕ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੇਵਲ ਹਰਿਆਣਾ ਉਦਯੋਗਿਕ ਸਿਖਲਾਈ ਵਿਭਾਗ ਦਵਾਰਾ ਹੀ ਕੀਤੀ ਗਈ ਹੈ। ਪਰ ਸਰਕਾਰ ਵੱਲੋਂ ਹਾਲੇ ਤੱਕ ਪੀੜਤਾਂ ਨੂੰ ਆਸਵਾਸ਼ਨਾਂ ਨਾਲ ਹੀ ਡੰਗ ਟੱਪਾਇਆ ਜਾ ਰਿਹਾ ਹੈ।