ਜੰਮੂ : ਜੰਮੂ-ਕਸ਼ਮੀਰ ਦੇ ਦ੍ਰਾਸ ਸੈਕਟਰ ਵਿਚ ਤਾਇਨਾਤ ਭਾਰਤੀ ਸੈਨਾ ਦਾ ਇਕ ਜਵਾਨ ਬਰਫ ਦੀਆਂ ਢਿੱਗਾਂ ਡਿੱਗਣ ਕਰ ਕੇ ਸ਼ਹੀਦ ਹੋ ਗਿਆ। ਇਹ ਘਟਨਾ ਟਾਈਗਰ ਹਿਲ ਇਲਾਕੇ 'ਚ ਹੋਈ, ਜਿਥੇ ਮਹਾਰਾਸ਼ਟਰ ਦੇ ਬੁਲਢਾਨਾ ਦੇ ਵਸਨੀਕ ਸਿਪਾਹੀ 'ਤੇ ਬਰਫ਼ ਦਾ ਢੇਰ ਡਿੱਗ ਪਿਆ ਅਤੇ ਉਹ ਇਸ ਵਿੱਚ ਦੱਬ ਗਿਆ। ਕਾਫ਼ੀ ਖੋਜ ਤੋਂ ਬਾਅਦ, ਸਿਪਾਹੀ ਦੀ ਲਾਸ਼ ਬਰਫ਼ ਦੇ ਹੇਠਾਂ ਮਿਲੀ।
ਦੱਸ ਦਈਏ ਕਿ ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ਦੀ ਤਹਿਸੀਲ ਸਿੰਧਖੇੜਰਾਜਾ ਦੇ ਪਿੰਡ ਪਲੱਸਖੇਡ ਚੱਕਾ ਦਾ ਵਸਨੀਕ ਪ੍ਰਦੀਪ ਸਾਹੇਬਰਾਓ ਮੰਡਾਲੇ ਦ੍ਰਾਸ ਸੈਕਟਰ ਵਿੱਚ ਟਾਈਗਰ ਹਿੱਲ ਕੈਂਪਸ ਵਿੱਚ ਤਾਇਨਾਤ ਸੀ। ਉਹ ਆਪਣੀ ਡਿਊਟੀ ਕਰਨ ਵਿੱਚ ਰੁੱਝਿਆ ਹੋਇਆ ਸੀ ਕਿ 15 ਦਸੰਬਰ ਨੂੰ ਉਸ ਉੱਤੇ ਬਰਫ ਦੀ ਇੱਕ ਵੱਡੀ ਢਿੱਗ ਡਿੱਗ ਪਈ, ਜਿਸ ਵਿਚ ਦੱਬ ਜਾਣ ਦਾ ਕਿਸੇ ਨੂੰ ਵੀ ਪਤਾ ਨਹੀਂ ਚੱਲ ਸਕਿਆ। ਜਦੋਂ ਉਨ੍ਹਾਂ ਨੂੰ ਕੱਢਿਆ ਗਿਆ ਤਾਂ ਉਹ ਸ਼ਹੀਦ ਹੋ ਚੁੱਕੇ ਸਨ। ਉਨ੍ਹਾਂ ਦੀ ਦੇਹ ਨੂੰ ਜੱਦੀ ਨਿਵਾਸ 'ਤੇ ਭੇਜਿਆ ਗਿਆ ਸੀ ਜਿੱਥੇ ਅੰਤਮ ਸੰਸਕਾਰ ਕੀਤਾ ਗਿਆ।
ਸ਼ਹੀਦ ਸਿਪਾਹੀ ਪ੍ਰਦੀਪ ਮੰਡਾਲੇ ਦੇ ਭਰਾ ਨੇ ਕਿਹਾ ਹੈ ਕਿ ਉਹ 15 ਦਿਨਾਂ ਦੀ ਛੁੱਟੀ ’ਤੇ ਅਗਸਤ ਵਿੱਚ ਆਪਣੇ ਪਿੰਡ ਆਇਆ ਸੀ। ਮੇਰਾ ਭਰਾ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਿਆ ਹੈ, ਇਸ ਲਈ ਪੂਰੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਹੈ। ਪ੍ਰਦੀਪ ਮੰਡਾਲੇ ਨੂੰ ਸਾਲ 2009 ਵਿਚ 10 ਮਹਾਰਾਜ ਰੈਜੀਮੈਂਟ ਵਿਚ ਦਾਖਲ ਕਰਵਾਇਆ ਗਿਆ ਸੀ। ਪ੍ਰਦੀਪ ਦੇ 2 ਛੋਟੇ ਭਰਾ ਹਨ, ਇਕ ਫੌਜ ਵਿਚ ਹੈ ਅਤੇ ਦੂਜਾ ਭਰਾ ਖੇਤੀਬਾੜੀ ਸਹਾਇਕ ਹੈ। ਸ਼ਹੀਦ ਪ੍ਰਦੀਪ ਮੰਡਾਲੇ ਦੀ ਇੱਕ ਪਤਨੀ ਅਤੇ 3 ਬੇਟੇ ਹਨ।