ਹਵਾ ਪ੍ਰਦੂਸ਼ਣ ਅਤੇ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਜਿਲਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗੀ ਸੰਸਥਾ "ਸ਼ੇਪ"
ਅੰਮ੍ਰਿਤਸਰ 10 ਮਾਰਚ 2025--
ਵਧ ਰਹੇ ਹਵਾ ਪ੍ਰਦੂਸ਼ਣ ਨਾਲ ਜਨ ਸਿਹਤ ਲਈ ਗੰਭੀਰ ਖਤਰਾ ਬਣ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਵਾਤਾਵਰਣ ਅਤੇ ਸਿਹਤ ਸੰਬੰਧੀ ਚਿੰਤਾਵਾਂ ਨੂੰ ਹੱਲ ਕਰਨ ਲਈ ਗੈਰ ਸਰਕਾਰੀ ਸੰਸਥਾ ਸ਼ੇਪ ਨਾਲ ਹੱਥ ਮਿਲਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਲੰਗ ਕੇਅਰ ਫਾਊਂਡੇਸ਼ਨ (ਐਲ.ਸੀ.ਐਫ.) ਨੇ ਆਪਸੀ ਸਮਝੌਤਿਆਂ ਤਹਿਤ ਸਿਹਤ, ਹਵਾ ਪ੍ਰਦੂਸ਼ਣ ਅਤੇ ਵਾਤਾਵਰਣ ਲਈ ਕੰਮ ਕਰਨਗੇ।
ਇਸ ਵਿਚ ਡਾਕਟਰੀ ਅਤੇ ਵਾਤਾਵਰਣ ਮਾਹਿਰਾਂ ਦਾ ਸਾਥ ਲਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਅਸੀਂ ਹਵਾ ਪ੍ਰਦੂਸ਼ਣ ਦੇ ਸਿਹਤ 'ਤੇ ਪ੍ਰਭਾਵ, ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਕਾਰਨ ਆਰਥਿਕ ਬੋਝ, ਹਵਾ ਪ੍ਰਦੂਸ਼ਣ ਦੇ ਆਲੇ ਦੁਆਲੇ ਦੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਅਤੇ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਵਿਹਾਰਕ ਰਣਨੀਤੀ ਤੇ ਸਾਂਝੇ ਤੌਰ ਤੇ ਕੰਮ ਕਰਾਂਗੇ।
ਇਸ ਵਿੱਚ ਪੇਂਡੂ ਵਿਕਾਸ, ਸ਼ਹਿਰੀ ਵਿਕਾਸ, ਨਗਰ ਨਿਗਮ, ਪੁਲਿਸ, ਉਦਯੋਗ, ਖੇਤੀਬਾੜੀ, ਸਿੱਖਿਆ, ਜਲ ਅਤੇ ਸੈਨੀਟੇਸ਼ਨ, ਸਿਹਤ, ਅਤੇ ਡੀਸੀ ਦਫਤਰ ਸਕੱਤਰੇਤ ਦੇ ਸਟਾਫ ਸਮੇਤ ਵਿਭਾਗਾਂ ਦਾ ਸਾਥ ਲਿਆ ਜਾਵੇਗਾ।
ਡਾ. ਰਾਜੀਵ ਖੁਰਾਣਾ, ਫਾਊਂਡਰ-ਟਰੱਸਟੀ, ਲੰਗ ਕੇਅਰ ਫਾਊਂਡੇਸ਼ਨ ਨੇ ਹਵਾ ਪ੍ਰਦੂਸ਼ਣ ਦੇ ਦੂਰਗਾਮੀ ਨਤੀਜਿਆਂ ਅਤੇ ਫੌਰੀ ਦਖਲ ਦੀ ਲੋੜ ਬਾਰੇ ਡੂੰਘੀ ਜਾਣਕਾਰੀ ਪ੍ਰਦਾਨ ਕੀਤੀ।
ਡਾ: ਸ਼ਿਵਾਨੀ ਸੂਦ, ਚੇਅਰਪਰਸਨ, ਅੰਮ੍ਰਿਤਸਰ ਫੋਰਮ ਫਾਰ ਕਲੀਨ ਏਅਰ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਕੰਮ ਕਰੀਏ। ਉਨਾਂ ਕਿਹਾ ਕਿ ਇਹ ਪਹਿਲਕਦਮੀ ਅੰਮ੍ਰਿਤਸਰ ਨੂੰ ਸਾਫ਼ ਹਵਾ ਅਤੇ ਟਿਕਾਊ ਜੀਵਨ ਲਈ ਇੱਕ ਮਾਡਲ ਸ਼ਹਿਰ ਬਣਾਉਣ ਵਿੱਚ ਯੋਗਦਾਨ ਪਾਵੇਗੀ।