ਨਵੀਂ ਵਾਰਡਬੰਦੀ 'ਤੇ ਰਾਖਵੇਂਕਰਨ ਬਾਰੇ ਪਾਈਆਂ ਪਟੀਸ਼ਨਾਂ ਖਾਰਿਜ
ਚੰਡੀਗੜ੍ਹ : ਮੁਹਾਲੀ ਨਗਰ ਨਿਗਮ ਚੋਣਾਂ ਸੰਬੰਧੀ ਨਵੀਂ ਵਾਰਡਬੰਦੀ 'ਤੇ ਰਾਖਵੇਂਕਰਨ ਬਾਰੇ ਪਾਈਆਂ ਪਟੀਸ਼ਨਾਂ ਬਾਰੇ ਹਾਈਕੋਰਟ ਵੱਲੋਂ ਫੈਸਲਾਂ ਸੁਣਾਇਆ ਗਿਆ। ਅਕਾਲੀ ਦਲ ਨੂੰ ਝਟਕਾ ਦਿੰਦੇ ਹੋਏ ਹਾਈਕੋਰਟ ਨੇ ਦੋਵਾਂ ਪਟੀਸ਼ਨਾਂ ਨੂੰ ਮੁਢੋਂ ਖਾਰਿਜ ਕਰ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਗਲਤ ਤਰੀਕੇ ਨਾਲ ਵਾਰਡਬੰਦੀ ਕਰਨ 'ਤੇ ਫੇਜ਼-6 ਦੇ ਵਸਨੀਕ ਬਚਨ ਸਿੰਘ ਨੇ ਰਾਖਵੇਂਕਰਨ ਖ਼ਿਲਾਫ਼ ਪਟੀਸ਼ਨਾਂ ਦਾਇਰ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ।
ਪਿਛਲੇ ਦਿਨੀਂ ਜਸਟਿਸ ਗਿਰੀਸ਼ ਅਗਨੀਹੋਤਰੀ ਅਤੇ ਜਸਟਿਸ ਜਤਿੰਦਰ ਚੌਹਾਨ ਦੀ ਅਗਵਾਈ ਵਾਲੇ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਉੱਚ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਅਕਾਲੀ ਦਲ ਨੂੰ ਝਟਕਾ ਦਿੰਦੇ ਹੋਏ ਉਕਤ ਦੋਵੇਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਤੇ ਵਾਰਡਬੰਦੀ ਬੋਰਡ ਦੇ ਗ਼ੈਰ ਸਰਕਾਰੀ ਮੈਂਬਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵੀ ਇਸ ਕੇਸ ਦੀ ਧਿਰ ਬਣੇ ਸਨ। ਇਨ੍ਹਾਂ ਨੇ ਆਪਣੇ ਵਕੀਲ ਰਾਹੀਂ ਵੱਖੋ ਵੱਖਰੀਆਂ ਅਰਜ਼ੀਆਂ ਦਾਇਰ ਕਰ ਕੇ ਉਨ੍ਹਾਂ ਦਾ ਪੱਖ ਸੁਣਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਵਿੱਚ ਪਹਿਲੀਆਂ ਪਟੀਸ਼ਨਾਂ 'ਤੇ 6 ਜਨਵਰੀ 2021 ਨੂੰ ਸੁਣਵਾਈ ਹੋਵੇਗੀ।