ਕਾਂਕੇਰ : ਛੱਤੀਸਗੜ੍ਹ ਤੇ ਕਾਂਕੇਰ ਜ਼ਿਲ੍ਹੇ ਵਿਚ ਪਖਾਂਜੂਰ ਦੀ ਹੱਦ ਨਾਲ ਲੱਗਦੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੁੱਧਵਾਰ ਦੁਪਹਿਰੇ ਨਕਸਲੀਆਂ ਨੇ ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋ ਦੇ ਵਾਹਨ ਨੂੰ ਆਈਡੀ ਧਮਾਕਾ ਕਰ ਕੇ ਉਡਾ ਦਿੱਤਾ। ਇਸ ਵਿਚ 15 ਜਵਾਨ ਸ਼ਹੀਦ ਹੋ ਗਏ ਜਦਕਿ 13 ਜਵਾਨ ਜ਼ਖ਼ਮੀ ਹੋਏ ਹਨ। ਨਕਸਲੀ ਇਸ ਖੇਤਰ ਵਿਚ ਬੀਤੀ ਰਾਤ ਤੋਂ ਹੀ ਹੁੜਦੰਗ ਮਚਾ ਰਹੇ ਹਨ। ਮੰਗਲਵਾਰ ਰਾਤ ਨਕਸਲੀਆਂ ਨੇ ਇਸੇ ਇਲਾਕੇ ਵਿਚ ਸੜਕ ਨਿਰਮਾਣ ਵਿਚ ਲੱਗੇ 27 ਵਾਹਨ ਸਾੜ ਦਿੱਤੇ ਸਨ।
ਆਈਜੀ ਗੜ੍ਹਚਿਰੌਲੀ ਰੇਂਜ ਸ਼ਰਦ ਸੇਲਾਰ ਨੇ ਵਾਰਦਾਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋ ਦੋ ਨਿੱਜੀ ਬੱਸਾਂ ਵਿਚ ਸਵਾਰ ਹੋ ਕੇ ਕੋਰਸੀ ਜਾ ਰਹੇ ਸਨ। ਕੋਰਸੀ, ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਦੀ ਹੱਦ ਨਾਲ ਲੱਗਿਆ ਇਲਾਕਾ ਹੈ। ਇਸ ਦੌਰਾਨ ਧਮਾਕਾ ਹੋਇਆ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਇੱਥੇ ਗੜ੍ਹਚਿਰੌਲੀ ਏਰੀਆ ਕਮੇਟੀ ਦੇ ਨਕਸਲੀ ਸਰਗਰਮ ਹਨ ਜੋ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸਰਹੱਦ 'ਤੇ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਕਰੀਬ 150 ਦੀ ਗਿਣਤੀ ਵਿਚ ਨਕਸਲੀ ਉੱਥੇ ਮੌਜੂਦ ਸਨ। ਘਟਨਾ ਵਿਚ ਕਈ ਜਵਾਨ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।