ਤਹਿਰਾਨ : ਤਿੰਨ ਸਾਲ ਪਹਿਲਾਂ 2017 ਵਿਚ ਈਰਾਨ 'ਚ ਜਨਤਾ ਨੂੰ ਭੜਕਾ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਾਉਣ ਦੇ ਦੋਸ਼ ਤਹਿਤ ਪੱਤਰਕਾਰ ਰੂਹੁੱਲ੍ਹਾ ਜਮ ਨੂੰ ਸ਼ਨੀਵਾਰ ਫਾਂਸੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਘਟਨਾ ਪਿੱਛੋਂ ਇਕ ਸਾਲ ਤੱਕ ਫਰਾਂਸ ਵਿਚ ਜਲਾਵਤਨ ਰਹਿਣ ਵਾਲੇ ਪੱਤਰਕਾਰ ਜਮ ਨੂੰ 2019 ਵਿਚ ਗਿ੍ਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਸੁਪਰੀਮ ਕੋਰਟ ਵੱਲੋਂ ਜੂਨ ਮਹੀਨੇ 'ਚ ਫਾਂਸੀ ਦੀ ਸਜ਼ਾ ਸੁਣਾਈ ਸੀ। ਫਰਾਂਸ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸੁਪਰੀਮ ਕੋਰਟ ਦੇ ਇਸ ਹੁਕਮ ਦੀ ਨਿੰਦਿਆ ਕੀਤੀ ਸੀ। ਜ਼ਿਕਰਯੋਗ ਹੈ ਕਿ ਜਮ ਇੰਟਰਨੈੱਟ ਮੀਡੀਆ 'ਤੇ ਅਮਾਦਾ ਨਿਊਜ਼ ਚਲਾਉਂਦਾ ਸੀ ਅਤੇ ਇਸ ਚੈਨਲ ਦੇ 10 ਲੱਖ ਫਾਲੋਅਰ ਹਨ। ਜਮ 'ਤੇ 2017 ਵਿਚ ਆਰਥਿਕ ਮੁੱਦਿਆਂ 'ਤੇ ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਉਣ ਦਾ ਦੋਸ਼ ਸੀ। ਦੱਸ ਦਈਏ ਕਿ ਇਸ ਪ੍ਰਦਰਸ਼ਨ ਵਿੱਚ 21 ਲੋਕ ਮਾਰੇ ਗਏ ਸਨ। ਆਰਥਿਕ ਸੁਧਾਰਾਂ ਦੇ ਹਮਾਇਤੀ ਮੌਲਵੀ ਦੇ ਪੁੱਤਰ ਜਮ ਨੂੰ ਫਰਾਂਸ ਵਿੱਚ ਸ਼ਰਨ ਮਿਲਣ ਪਿੱਛੋਂ ਈਰਾਨ ਦੀ ਖ਼ੁਫ਼ੀਆ ਏਜੰਸੀ ਨੇ ਉਸ ਨੂੰ ਕਿੱਥੋਂ ਫੜਿਆ, ਇਸ ਗੱਲ ਦੀ ਜਾਣਕਾਰੀ ਜਾਹਰ ਨਹੀਂ ਕੀਤਾ ਗਈ ਈਰਾਨ ਨੇ ਦੱਸਿਆ ਸੀ ਕਿ ਇਸ ਪ੍ਰਦਰਸ਼ਨ ਵਿਚ ਅਮਰੀਕਾ, ਸਾਊਦੀ ਅਰਬ ਅਤੇ ਉਸ ਦੇ ਹੋਰ ਵਿਰੋਧੀਆਂ ਦਾ ਹੱਥ ਹੈ। ਇਹ ਈਰਾਨ ਵਿਚ ਕਈ ਦਹਾਕਿਆਂ ਪਿੱਛੋਂ ਸਭ ਤੋਂ ਭਿਆਨਕ ਪ੍ਰਦਰਸ਼ਨ ਸੀ। ਪ੍ਰਦਰਸ਼ਨ ਪਿੱਛੋਂ ਤੇਲ ਦੀਆਂ ਕੀਮਤਾਂ ਵਿਚ ਵੀ ਵੱਡੇ ਪੱਧਰ 'ਤੇ ਵਾਧਾ ਹੋਇਆ ਸੀ।