ਸਨ ਫਰਾਂਸਿਸਕੋ : ਟੈਕਨੋਲੋਜੀ ਦੇ ਖੇਤਰ 'ਚ ਵਾਇਰਲੈੱਸ ਕੰਪਿਊਟਰ ਨੈੱਟਵਰਕ ਦੇ ਪਿਤਾਮਾ ਨਾਰਮਨ ਅਬ੍ਰਾਮਸਨ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ।ਅਬ੍ਰਾਮਸਨ 88 ਸਾਲ ਦੇ ਸਨ। ਜਾਣਕਾਰੀ ਅਨੁਸਾਰ ਉਹ ਚਮੜੀ ਦੇ ਕੈਂਸਰ ਤੋਂ ਪੀੜਤ ਸਨ ਜਿਸ ਕਰਨ ਉਨ੍ਹਾਂ ਦੇ ਫੇਫੜਿਆਂ 'ਚ ਮੈਟਾਸਟੇਸਿਸ ਹੋ ਗਿਆ ਸੀ। ਅਬ੍ਰਾਮਸਨ ਦਾ ਜਨਮ 1 ਅਪ੍ਰਰੈਲ 1932 ਨੂੰ ਬੋਸਟਨ 'ਚ ਹੋਇਆ ਸੀ। ਸਾਲ 1994 'ਚ ਸੇਵਾਮੁਕਤ ਹੋਣ ਤੋਂ ਪਹਿਲਾਂ ਉਹ ਹਵਾਈ 'ਚ ਪ੍ਰਰੋਫੈਸਰ ਵਜੋਂ ਕੰਮ ਕਰਦੇ ਸਨ।
ਉਨ੍ਹਾਂ ਨੂੰ ਮੁੱਢਲੇ ਵਾਇਰਲੈੱਸ ਨੈੱਟਵਰਕ 'ਏਐੱਲਓਐੱਚਏਨੈੱਟ' ਬਣਾਉਣ ਦਾ ਸਿਹਰਾ ਜਾਂਦਾ ਹੈ। ਇਸ ਦੇ ਨਿਰਮਾਣ ਤੋਂ ਬਾਅਦ ਹੀ ਅਗਲੀ ਪੀੜ੍ਹੀ ਦੀਆਂ ਤਕਨੀਕਾਂ ਨੇ ਇਸ ਦੀ ਵਰਤੋਂ ਮੋਡਰਨ ਸੈਟੇਲਾਈਟ, ਫੋਨ ਅਤੇ ਕੰਪਿਊਟਰ 'ਚ ਕੀਤੀ। ਅਬ੍ਰਾਮਸਨ ਨੇ ਆਪਣਾ ਸਭ ਤੋਂ ਪਹਿਲਾ ਪ੍ਰਰਾਜੈਕਟ ਹਵਾਈ ਯੂਨੀਵਰਸਿਟੀ 'ਚ ਤਿਆਰ ਕੀਤਾ ਸੀ। ਇਸ ਤਹਿਤ ਉਨ੍ਹਾਂ ਨੇ ਇਕ ਸਕੂਲ ਨੂੰ ਦੂਰ-ਦੁਰਾਡੇ ਭੂਗੋਲਿਕ ਸਥਿਤੀ 'ਚ ਅਮਰੀਕਾ ਨੂੰ ਡਾਟਾ ਭੇਜਣ ਤੇ ਪ੍ਰਰਾਪਤ ਕਰਨ 'ਚ ਮੱਦਦ ਕਰਨ ਵਾਲੀ ਰੇਡੀਓ ਤਕਨੀਕ ਵਿਕਸਿਤ ਕੀਤੀ। ਤਕਨੀਕ 'ਚ ਇਕ ਮਹੱਤਵਪੂਰਨ ਕਾਢ ਪੈਕੇਟ 'ਚ ਡਾਟੇ ਨੂੰ ਵੰਡਣਾ ਸੀ ਤਾਂ ਜੋ ਟਰਾਂਸਮਿਸ਼ਨ ਦੌਰਾਨ ਗੁਆਚੇ ਡਾਟੇ ਨੂੰ ਦੁਬਾਰਾ ਭੇਜਿਆ ਜਾ ਸਕੇ। ਏਐੱਲਓਐੱਚਏਨੈੱਟ ਨਾ ਸਿਰਫ ਆਧੁਨਿਕ ਵਾਇਰਲੈੱਸ ਸੰਚਾਰ ਦੀ ਨੀਂਹ ਸੀ ਸਗੋਂ ਇਸ ਨੇ ਈਥਰਨੈੱਟ ਆਧਾਰਿਤ ਸੰਚਾਰ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕੀਤਾ।