ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਸਥਿਤ ਸ਼ਾਹੀ ਕਿਲ੍ਹੇ ਵਿਚ 19ਵੀਂ ਸਦੀ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਲਗਾਇਆ 9 ਫੁੱਟ ਉੱਚਾ ਬੁੱਤ ਅਣਪਛਾਤੇ ਨੌਜਵਾਨਾਂ ਨੇ ਤੋੜ ਦਿੱਤਾ। ਪ੍ਰਾਪਤ ਸੂਚਨਾ ਅਨੁਸਾਰ ਉਸ ਨੌਜਵਾਨ ਨੇ ਕੱਟੜਪੰਥੀਆਂ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਵਿਚ ਹੋਇਆ ਸੀ।
ਇਹ ਬੁੱਤ ਉਨ੍ਹਾਂ ਦੀ 180ਵੀਂ ਬਰਸੀ ਮੌਕੇ ਲਗਾਇਆ ਗਿਆ ਸੀ ਜੋ ਕਿ ਕੋਲਡ ਬਰੋਨਜ਼ ਦਾ ਬਣਿਆ ਸੀ। ਇਸ 'ਤੇ ਮਹਾਰਾਜਾ ਨੂੰ ਤਲਵਾਰ ਫੜ ਕੇ ਘੋੜੇ 'ਤੇ ਬੈਠਾ ਦਿਖਾਇਆ ਗਿਆ ਸੀ ਜਿਸ ਤਰ੍ਹਾਂ ਕਿ ਮਹਾਰਾਜਾ ਆਮ ਕਰਕੇ ਦਿਖਾਈ ਦਿੰਦਾ ਸੀ। ਸ਼ੇਰ-ਏ-ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਪਹਿਲੇ ਅੱਧ ਤਕ ਸ਼ਾਸਨ ਕੀਤਾ। ਇਸ ਘਟਨਾ ਪਿੱਛੋਂ ਸਥਾਨਕ ਪੁਲਿਸ ਨੇ ਜ਼ਹੀਰ ਨਾਮਕ ਇਕ ਨੌਜਵਾਨ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋਕਿ ਲਾਹੌਰ ਦੇ ਹਰਬੰਸਪੁਰਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : Farmers Protest : ਧਰਮਿੰਦਰ ਨੇ ਕਹੀ ਕੇਂਦਰ ਨੂੰ ਇਹ ਗੱਲ
ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਹ ਬੁੱਤ ਜੂਨ 2019 ਵਿਚ ਲਾਹੌਰ ਕਿਲ੍ਹੇ ਵਿਚ ਸਥਾਪਿਤ ਕੀਤਾ ਗਿਆ ਸੀ ਤੇ ਇਸ ਨੂੰ ਫਕੀਰ ਖਾਨਾ ਅਜਾਇਬਘਰ ਦੀ ਸਹਾਇਤਾ ਨਾਲ ਇਕ ਸਥਾਨਕ ਕਲਾਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ। ਇਸ ਦੀ ਸਥਾਪਨਾ ਦੇ ਦੋ ਮਹੀਨੇ ਪਿੱਛੋਂ ਹੀ ਅਗਸਤ 2019 ਵਿਚ ਦੋ ਸ਼ਰਾਰਤੀ ਅਨਸਰਾਂ ਅਦਨਾਨ ਮੁਗਲ ਅਤੇ ਅਸਦ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਸੀ।