ਵਾਸ਼ਿੰਗਟਨ : ਪਹਿਲਾਂ ਆਸਟਰੇਲੀਆ ਨੇ ਫ਼ੇਸਬੁੱਕ ਵਿਰੁੱਧ ਕਾਰਵਈ ਦੀ ਯੋਜਨਾ ਬਣਾਈ ਸੀ ਅਤੇ ਹੁਣ ਅਮਰੀਕਾ ਵਿਚ ਵੀ ਕਈ ਥਾਂਈ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਅਮਰੀਕਾ ਦੀ ਸਰਕਾਰ ਅਤੇ 48 ਰਾਜਾਂ ਨੇ ਫੇਸਬੁੱਕ ਖ਼ਿਲਾਫ਼ ਇਕੱਠੇ ਮਿਲ ਕੇ ਮੁਕੱਦਮਾ ਦਾਇਰ ਕੀਤਾ ਹੈ। ਐੱਫ.ਟੀ.ਸੀ. ਅਤੇ 48 ਰਾਜਾਂ ਦੇ ਅਟਾਰਨੀ ਜਨਰਲਾਂ ਨੇ ਕੰਪਨੀ ’ਤੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਨਿਊਯਾਰਕ ਦੀ ਅਟਾਰਨੀ ਜਨਰਲ ਲੇਟਿਟਿਆ ਜੇਮਸ ਦੀ ਅਗਵਾਈ ਵਾਲੇ ਦੋ-ਪੱਖੀ ਗਠਬੰਧਨ ਨੇ ਦੋਸ਼ ਲਗਾਇਆ ਕਿ ਫੇਸਬੁੱਕ ਨੇ ਆਪਣੇ ਏਕਾਧਿਕਾਰ ਨੂੰ ਬਣਾਈ ਰੱਖਣ ਲਈ ਇਕ ਵਿਵਸਥਿਤ ਰਣਨੀਤੀ ਬਣਾਈ ਹੈ। ਇਸ ਵਿਚ 2012 ’ਚ ਕਰੀਬੀ ਮੁਕਾਬਲੇਬਾਜ਼ ਇੰਸਟਾਗ੍ਰਾਮ ਦਾ ਐਕਵਾਇਰ, 2014 ’ਚ ਮੋਬਾਇਲ ਮੈਸੇਜਿੰਗ ਐਪ ਵਟਸਐਪ ਦਾ ਐਕਵਾਇਰ ਅਤੇ ਸਾਫਟਵੇਅਰ ਡਿਵੈਰਪਰਾਂ ’ਤੇ ਵਿਸ਼ਵਾਸ ਵਿਰੋਧੀ ਸ਼ਰਤਾਂ ਲਗਾਉਣਾ ਸ਼ਾਮਲ ਹੈ। ਫੇਸਬੁੱਕ ਦੀ ਉਪ-ਪ੍ਰਧਾਨ ਅਤੇ ਜਨਰਲ ਕਾਊਂਸਲ ਜੈਨੀਫਰ ਨਿਊਸਟੇਡ ਨੇ ਮੁਕੱਦਮੇ ਦਾ ਵਿਰੋਧ ਕਰਦੇ ਹੋਏ ਇਸ ਨੂੰ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਬੇਵਜ਼ਾ ਫ਼ੇਸਬੁੱਕ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀ।