ਸੋਨੀਪਤ : ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਮੰਗਲਵਾਰ ਨੂੰ ਇਕ ਕਿਸਾਨ ਦੀ ਮੌਤ ਹੋ ਗਈ। ਪ੍ਰਵਾਰ ਵਾਲਿਆਂ ਅਨੁਸਾਰ ਮ੍ਰਿਤਕ ਰਾਤ ਨੂੰ ਖਾਣਾ ਖਾ ਕੇ ਸੁੱਤਾ ਸੀ ਪਰ ਸਵੇਰੇ ਨਹੀਂ ਉੱਠਿਆ। ਕੁੰਡਲੀ ਥਾਣਾ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਨਾਗਰਿਕ ਹਸਪਤਾਲ ਭਿਜਵਾ ਦਿਤੀ ਹੈ। ਮ੍ਰਿਤਕ ਦੀ ਪਛਾਣ ਅਜੇ (32) ਪਿੰਡ ਬੜੌਦਾ ਸੋਨੀਪਤ ਦੇ ਤੌਰ 'ਤੇ ਹੋਈ ਹੈ। ਅਜੇ ਕੋਲ ਇਕ ਏਕੜ ਜ਼ਮੀਨ ਸੀ ਅਤੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ। ਮ੍ਰਿਤਕ ਦੇ ਪ੍ਰਵਾਰ ਵਾਲਿਆਂ ਅਨੁਸਾਰ ਅਜੇ ਦੀ ਮੌਤ ਠੰਡ ਲਗਣ ਨਾਲ ਹੋਈ ਹੈ।
ਇਹ ਵੀ ਪੜ੍ਹੋ : Farmers Protest : PM ਨੇ ਬੁਲਾਈ ਕੈਬਨਿਟ ਮੀਟਿੰਗ
ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਸਮੇਤ ਕਈ ਮੰਗਾਂ ਨੂੰ ਲੈ ਕੇ ਦਿੱਲੀ ਦੇ ਵੱਖ-ਵੱਖ ਬਾਰਡਰ 'ਤੇ ਕਿਸਾਨ ਪਿਛਲੇ 13 ਦਿਨਾਂ ਤੋਂ ਡਟੇ ਹੋਏ ਹਨ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਅਪਣੇ ਟਰੈਕਟਰਾਂ 'ਚ ਹੀ ਰਾਤ ਕੱਟ ਰਹੇ ਹਨ। ਸਰਦ ਮੌਸਮ 'ਚ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਿਕਰੀ, ਗਾਜੀਪੁਰ ਅਤੇ ਚਿੱਲਾ ਬਾਰਡਰ 'ਤੇ ਕਿਸਾਨਾਂ ਦੀ ਭੀੜ ਇਕੱਠੀ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਵੀ ਸਮਰਥਨ ਮਿਲ ਰਿਹਾ ਹੈ। 13 ਦਿਨਾਂ 'ਚ ਹੁਣ ਤਕ 8 ਕਿਸਾਨਾਂ ਦੀ ਮੌਤ ਹੋ ਚੁਕੀ ਹੈ।