ਢਾਕਾ, (ਏਜੰਸੀ) : ਬੰਗਲਾਦੇਸ਼ ਵਿਚ ਸੋਮਵਾਰ ਨੂੰ ਅਤਿਵਾਦੀ ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ ਦੋ ਸ਼ੱਕੀ ਅਤਿਵਾਦੀਆਂ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ। ਘਟਨਾ ਦੇ ਸਮੇਂ ਦੇਸ਼ ਦੀ ਅਤਿਵਾਦੀ ਰੋਕੂ ਇਕਾਈ ਇਥੋਂ ਦੇ ਮੁਹੰਮਦਪੁਰ ਇਲਾਕੇ ਵਿਚ ਛਾਪੇਮਾਰੀ ਕੀਤੀ ਗਈ ਸੀ। ਅਧਿਕਾਰੀਆਂ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਰੈਪਿਡ ਐਕਸ਼ਨ ਬਟਾਲੀਅਨ ਨੇ ਢਾਕਾ ਦੇ ਬਾਹਰੀ ਇਲਾਕੇ ਵਿਚ ਮੁਹੰਮਦ ਦੇ ਬਸੀਲਾ ਖੇਤਰ ਵਿਚ ਟੀਨ ਦੀ ਛੱਤ ਵਾਲੇ ਘਰ ਨੂੰ ਘੇਰ ਲਿਆ ਸੀ। ਉਨ੍ਹਾਂ ਦਸਿਆ ਕਿ ਅਪਰਾਧ ਅਤੇ ਅਤਿਵਾਦ ਰੋਕੂ ਇਕਾਈ ਦੇ ਮੁਲਾਜ਼ਮਾਂ 'ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਬੁਲਾਰੇ ਨੇ ਦਸਿਆ ਕਿ ਉਨ੍ਹਾਂ ਨੇ ਰਾਤ ਨੂੰ ਘਰ ਨੂੰ ਘੇਰ ਲਿਆ ਸੀ। ਸ਼ੱਕੀ ਅਤਿਵਾਦੀਆਂ ਨੇ ਸੋਮਵਾਰ ਨੂੰ ਧਮਾਕਾ ਕੀਤਾ ਜਿਸ ਵਿਚ ਦੋ ਅਤਿਵਾਦੀ ਮਾਰੇ ਗਏ। ਉਨ੍ਹਾਂ ਦਸਿਆ ਕਿ ਛਾਪੇਮਾਰੀ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ।
ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨੇ ਪੂਰਾ ਇਲਾਕਾ ਹਿੱਲ ਗਿਆ ਸੀ। ਧਮਾਕੇ ਤੋਂ ਬਾਅਦ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਵਾਲਿਆਂ ਨੂੰ ਸਦਿਆ ਗਿਆ। ਉਨ੍ਹਾਂ ਦਸਿਆ ਕਿ ਇਸ ਧਮਾਕੇ ਵਿਚ ਲਾਸ਼ਾਂ ਦੇ ਪਰਖੱਚੇ ਉਡ ਗਏ। ਘਰ ਦੇ ਮਾਲਕ ਅਤੇ ਘਰ ਦੇ ਦੇਖਭਾਲ ਕਰਨ ਵਾਲੇ ਅਤੇ ਉਸ ਦੀ ਪਤਨੀ ਤੇ ਮਸਜਿਦ ਦੇ ਇਮਾਮ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ। ਮਕਾਨ ਮਾਲਕ ਨੇ ਦਸਿਆ ਕਿ ਦੋ ਵਿਅਕਤੀਆਂ ਨੇ ਖ਼ੁਦ ਨੂੰ ਡਰਾਈਵਰ ਦਸਿਆ ਸੀ ਅਤੇ ਕੁੱਝ ਮਹੀਨੇ ਲਈ ਮਕਾਨ ਕਿਰਾਏ 'ਤੇ ਲਿਆ ਸੀ ਤੇ ਇਸੇ ਮਹੀਨੇ ਉਨ੍ਹਾਂ ਵਲੋਂ ਇਸ ਮਕਾਨ ਨੂੰ ਖ਼ਾਲੀ ਕਰਨ ਦੀ ਸੰਭਾਵਨਾ ਸੀ। ਹਾਲੇ ਇਹ ਸਾਫ਼ ਨਹੀਂ ਹੋਇਆ ਹੈ ਕਿ ਇਹ ਦੋਵੇਂ ਅਤਿਵਾਦੀ ਕਿਸ ਅਤਿਵਾਦੀ ਜਥੇਬੰਦੀ ਨਾਲ ਜੁੜੇ ਹੋਏ ਸਨ।
ਜੁਲਾਈ 2016 ਵਿਚ ਅਤਿਵਾਦੀਆਂ ਵਲੋਂ ਢਾਕਾ ਕੈਫ਼ੇ ਨੂੰ ਤਬਾਹ ਕਰਨ ਅਤੇ ਹਮਲੇ ਵਿਚ 22 ਲੋਕਾਂ ਨੂੰ ਮਾਰਨ ਤੋਂ ਬਾਅਦ ਬੰਗਲਾਦੇਸ਼ ਵਿਚ ਇਸਲਾਮੀ ਅਤਿਵਾਦੀਆਂ ਵਿਰੁਧ ਮੁਹਿੰਮ ਚਲਾਈ ਹੋਈ ਹੈ। ਇਸ ਹਮਲੇ ਵਿਚ ਮਰਨ ਵਾਲਿਆਂ ਵਿਚ 18 ਲੋਕ ਵਿਦੇਸ਼ੀ ਸਨ ਜਿਨ੍ਹਾਂ 'ਤੇ ਅਤਿਵਾਦੀਆਂ ਨੇ ਗੋਲੀਆਂ ਚਲਾਈਆਂ ਸਨ। ਉਸ ਤੋਂ ਬਾਅਦ ਦੇਸ਼ਪਧਰੀ ਛਾਪੇਮਾਰੀ ਵਿਚ ਸੁਰੱਖਿਆ ਬਲਾਂ ਨੇ ਲਗਭਗ 100 ਅਤਿਵਾਦੀਆਂ ਨੂੰ ਮਾਰ ਦਿਤਾ ਹੈ ਅਤੇ ਕਈ ਹੋਰਾਂ ਨੂੰ ਹਿਰਾਸਤ ਵਿਚ ਲਿਆ ਹੈ।