ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀਆਂ ਨੀਤੀਗਤ ਦਰਾਂ ਨੂੰ ਲੈ ਕੇ ਕੀਤੇ ਗਏ ਐਲਾਨਾਂ ਨਾਲ ਸ਼ੇਅਰ ਬਾਜ਼ਾਰਾਂ 'ਚ ਸ਼ੁਕਰਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਹਫ਼ਤੇ ਦੇ ਆਖਰੀ ਕਾਰੋਬਾਰੀ ਪੱਧਰ 'ਚ ਬੀਐੱਸਈ ਸੈਂਸੈਕਸ 446.90 ਅੰਕ ਭਾਵ ਇਕ ਫ਼ੀ ਸਦੀ ਦੇ ਉਛਾਲ ਨਾਲ 45, 079.55 ਅੰਕ ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਐੱਨਐੱਸਈ ਨਿਫਟੀ 124.65 ਅੰਕ ਜਾਂ 0.95 ਫ਼ੀ ਸਦੀ ਦੀ ਤੇਜੀ ਨਾਲ 13, 258.55 ਅੰਕ ਦੇ ਪੱਧਰ 'ਤੇ ਬੰਦ ਹੋਇਆ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕੇਮਟੀ (ਐੱਮਪੀਸੀ) ਦੀ ਬੈਠਕ ਦਾ ਸਿੱਟਾ ਜਨਤਕ ਹੋਣ ਤੋਂ ਪਹਿਲਾ ਸੈਂਸੈਕਸ ਅਤੇ ਨਿਫਟੀ 'ਤੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਸੀ।
ਹਾਲਾਂਕਿ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ ਤੋਂ ਬਾਅਦ ਬਾਜ਼ਾਰ 'ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲੀ ਤੇ ਸੈਂਸੈਕਸ ਨੇ ਪਹਿਲੀ ਵਾਰ 45, 000 ਅੰਕ ਦੇ ਪੱਧਰ ਨੂੰ ਪਾਰ ਕੀਤਾ। ਇਸ ਤੋਂ ਪਹਿਲਾ ਆਰਬੀਆਈ ਗਵਰਨਰ ਨੇ ਅੱਜ ਐਲਾਨ ਕੀਤਾ ਕਿ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਲਗਾਤਾਰ ਤੀਜੀ ਬੈਠਕ 'ਚ ਰੇਪੋ ਰੇਟ ਨੂੰ ਚਾਰ ਫ਼ੀ ਸਦੀ 'ਤੇ ਨਾ ਬਦਲਣ ਦਾ ਫ਼ੈਸਲਾ ਕੀਤਾ ਹੈ।