ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪੇਰਾਰੀਵਲਨ ਦੀ ਪੈਰੋਲ ਸੋਮਵਾਰ ਨੂੰ ਇਕ ਹਫ਼ਤੇ ਲਈ ਵਧਾ ਦਿੱਤੀ। ਉਸਦਾ ਮੈਡੀਕਲ ਚੈੱਕਅਪ ਹੋਣਾ ਹੈ। ਜਸਟਿਸ ਐੱਲ ਨਾਗੇਸ਼ਵਰ ਰਾਓ, ਹੇਮੰਤ ਗੁਪਤਾ ਤੇ ਅਜੇ ਰਸਤੋਗੀ ਦੇ ਬੈਂਚ ਨੇ ਤਾਮਿਲਨਾਡੂ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਹਸਪਤਾਲ ਜਾਣ ਲਈ ਪੇਰਾਰਵਲਨ ਨੂੰ ਪੁਲਿਸ ਐਸਕਾਰਟ ਮੁਹੱਈਆ ਕਰਾਈ ਜਾਵੇ। ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ 9-23 ਨਵੰਬਰ ਤਕ ਪੇਰਾਰੀਵਲਨ ਦੀ ਪੈਰੋਲ ਮਨਜ਼ੂਰ ਕੀਤੀ ਸੀ, ਪਰ ਇਸ ਦੌਰਾਨ ਉਸਨੂੰ ਹਸਪਤਾਲ ਲਿਜਾਣ ਲਈ ਤਾਮਿਲਨਾਡੂ ਸਰਕਾਰ ਵਲੋਂ ਪੁਲਿਸ ਐਸਕਾਰਟ ਮੁਹੱਈਆ ਨਹੀਂ ਕਰਾਈ ਗਈ।
ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਖਿਮਾਦਾਨ 'ਤੇ ਉਹ 19 ਜਨਵਰੀ 2021 ਨੂੰ ਸੁਣਵਾਈ ਕਰੇਗੀ, ਜਦੋਂ ਮਾਮਲੇ ਦਾ ਅੰਤਮ ਨਿਪਟਾਰਾ ਕੀਤਾ ਜਾਵੇਗਾ। ਕੋਰਟ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਨਿਰਦੇਸ਼ ਦਿੱਤਾ ਕਿ ਅਰਜ਼ੀ 'ਚ ਚੁੱਕੇ ਗਏ ਸਾਰੇ ਬਿੰਦੂਆਂ 'ਤੇ ਅਗਲੀ ਸੁਣਵਾਈ 'ਤੇ ਜਵਾਬ ਦੇਣ। ਦੱਸਣਯੋਗ ਹੈ ਕਿ ਸੀਬੀਆਈ ਨੇ 20 ਨਵੰਬਰ ਦੇ ਆਪਣੇ ਹਲਫ਼ਨਾਮੇ 'ਚ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਪੇਰਾਰੀਵਲਨ ਦੇ ਖਿਮਾਦਾਨ 'ਤੇ ਤਾਮਿਲਨਾਡੂ ਦੇ ਰਾਜਪਾਲ ਨੂੰ ਫ਼ੈਸਲਾ ਕਰਨਾ ਹੈ। ਜਾਂਚ ਏਜੰਸੀ ਨੇ ਇਹ ਵੀ ਕਿਹਾ ਸੀ ਕਿ ਹੱਤਿਆਕਾਂਡ ਦੀ ਵਿਆਪਕ ਸਾਜ਼ਿਸ਼ ਦੀ ਸੀਬੀਆਈ ਦੀ ਅਗਵਾਈ ਵਾਲੀ ਐੱਮਡੀਐੱਮਏ ਦੀ ਅੱਗੇ ਦੀ ਜਾਂਚ 'ਚ ਪੇਰਾਰੀਵਲਨ ਕੋਈ ਵਿਸ਼ਾ ਨਹੀਂ ਹੈ।