ਮਹਿਲਾ ਕਮਿਸ਼ਨ ਤੋਂ ਮੰਗ, ਕੇਸ ਦੀ ਸਮਾਂਬੱਧ ਕਰਵਾਈ ਜਾਵੇ ਜਾਂਚ
ਚੰਡੀਗੜ੍ਹ : ਲੁਧਿਆਣਾ ਦੀ ਔਰਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲਗਾਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਚ ਇਸ ਕੇਸ ਵਿੱਚ ਇਲਜ਼ਾਮ ਲਾਉਣ ਵਾਲੀ ਔਰਤ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਾਉਣ ਤੇ ਕੇਸ ਦੀ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਮੌਕੇ 'ਆਪ' ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੇ ਔਰਤਾਂ ਪ੍ਰਤੀ ਅੱਤਿਆਚਾਰ ਦੇ ਸੰਗੀਨ ਮੁੱਦੇ ਵੱਲ ਦਿਵਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪੀੜਤ ਮਹਿਲਾ ਖ਼ੁਦ ਮੀਡੀਆ ਦੇ ਸਾਹਮਣੇ ਆ ਕੇ ਸਿਆਸੀ ਆਗੂ ਉੱਤੇ ਸਿੱਧੇ ਇਲਜ਼ਾਮ ਲਗਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ ਅਤੇ ਆਪ ਮਹਿਲਾ ਕਮਿਸ਼ਨ ਦੇ ਮੁਖੀ ਹੋਣ ਨਾਤੇ ਇਸ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੇ ਹੋ। ਇਸ ਕੇਸ ਵਿੱਚ ਸਾਡੀ ਮੰਗ ਹੈ ਕਿ ਪੀੜਤ ਔਰਤ ਨੂੰ ਨਿਆਂ ਦੇਣ ਦੇ ਮਨਸੂਬੇ ਨਾਲ ਪੁਲਸ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਔਰਤ ਉੱਚ ਅਧਿਕਾਰੀ ਦੇ ਅਧੀਨ ਕਮੇਟੀ ਬਣਾ ਕੇ ਇਸ ਕੇਸ ਦੀ ਛਾਣਬੀਣ ਕਰਕੇ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।