ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਇਲਾਕੇ ਵਿਚ ਬਰਾਤੀਆਂ ਨਾਲ ਭਰੀ ਬਲੈਰੋ ਤੇ ਟਰੱਕ ਵਿਚਕਾਰ ਵੀਰਵਾਰ ਰਾਤ ਨੂੰ ਟੱਕਰ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਨਵਾਬਗੰਜ ਥਾਣਾ ਖੇਤਰ ਤੋਂ ਬਾਰਾਤ ਨਾਲ ਵਾਪਸ ਆ ਰਹੇ ਸਨ।
ਕੁੰਡਾ ਕੋਤਵਾਲ ਨੇ ਬਲੈਰੋ ਵਿਚ ਸਵਾਰ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਕੁੰਡਾ ਥਾਣਾ ਖੇਤਰ ਦੇ ਚੌਸਾ ਜਿਰਗਾਪੁਰ ਪਿੰਡ ਦੇ ਸੰਤਰਾਮ ਯਾਦਵ ਦੇ ਪੁੱਤ ਦੀ ਬਾਰਾਤ ਨਵਾਬਗੰਜ ਥਾਣਾ ਖੇਤਰ ਦੇ ਸ਼ੇਖਵਾਪੁਰ ਗਈ ਸੀ। ਦੇਰ ਰਾਤ ਕੁਝ ਬਾਰਾਤੀ ਬਲੈਰੋ ਰਾਹੀਂ ਪਰਤ ਰਹੇ ਸਨ।
ਰਾਤ ਤਕਰੀਬਨ ਇਕ ਵਜੇ ਦੇਸ਼ਰਾਜ ਇੰਦਾਰ ਕੋਲ ਖੜ੍ਹੇ ਟਰੱਕ ਵਿਚ ਬਰਾਤੀਆਂ ਦੀ ਗੱਡੀ ਪਿੱਛਿਓਂ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਦੇ ਪਰਖੱਚੇ ਉੱਡ ਗਏ। ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੇ ਸਥਾਨ 'ਤੇ ਪੁੱਜੀ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਵੀ ਮੌਤ ਹੋ ਗਈ। ਲਾਸ਼ਾਂ ਨੂੰ ਟਰੱਕ ਰਾਹੀਂ ਲੱਦ ਕੇ ਲੈ ਜਾਇਆ ਗਿਆ। ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਹਰੇਕ ਦੀ ਰੂਹ ਕੰਬ ਗਈ।