Friday, November 22, 2024
 

ਚੰਡੀਗੜ੍ਹ / ਮੋਹਾਲੀ

ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿਚ ਨਾ ਝੋਕਣ ਅਕਾਲ ਤਖਤ ਦੇ ਜਥੇਦਾਰ ਸਾਹਿਬ : ਸੰਧਵਾਂ

November 18, 2020 08:31 PM
ਆਪ ਆਗੂ ਨੇ ਪੱਤਰ ਲਿਖ ਕੇ ਐਸਜੀਪੀਸੀ ਸਟੇਜ ਤੋਂ ਬਾਦਲ ਦਲ ਦੀ ਕੀਤੀ ਵਡਿਆਈ 'ਤੇ ਕੀਤੇ ਖੜ੍ਹੇ ਸਵਾਲ
ਚੰਡੀਗੜ੍ਹ : ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਟੇਜ ਤੋਂ ਬਾਦਲ ਦਲ ਦੀ ਕੀਤੀ ਵਡਿਆਈ 'ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਵਜੋਂ ਸਤਿਕਾਰਿਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਅਤੇ ਸਥਾਪਤੀ ਤੋਂ ਹੀ ਸਿੱਖ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਆਪ ਦੇ ਜ਼ਿੰਮੇ ਇਸ ਸਰਬਉੱਚ ਸੰਸਥਾ ਦੀ ਅਗਵਾਈ ਕਰਦਿਆਂ ਸਿੱਖ ਕੌਮ ਦੀ ਚੜਦੀ ਕਲਾ ਲਈ ਕਾਰਜ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ। 
ਉਨ੍ਹਾਂ ਕਿਹਾ ਕਿ ਮੈਂ ਆਪ ਨੂੰ ਇਹ ਪੱਤਰ ਇੱਕ ਪੰਜਾਬੀ ਅਤੇ ਸਿੱਖ ਹੋਣ ਦੇ ਨਾਤੇ ਲਿਖ ਰਿਹਾ ਹਾਂ। ਆਪ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਸੰਪੂਰਨ ਹੋਣ ਉੱਤੇ ਹੋਏ ਸਮਾਗਮਾਂ ਦੌਰਾਨ ਇੱਕ ਵਿਸ਼ੇਸ਼ ਰਾਜਨੀਤਿਕ ਦਲ ਦੇ ਬੁਲਾਰੇ ਵਜੋਂ ਸਿੱਖ ਕੌਮ ਨੂੰ ਦਿੱਤੇ ਸੰਦੇਸ਼ ਨਾਲ ਮੈਂ ਇੱਕ ਸਿੱਖ ਅਤੇ ਪੰਜਾਬੀ ਹੋਣ ਦੇ ਨਾਤੇ ਸਹਿਮਤ ਨਹੀਂ ਹਾਂ। ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹਾਨ ਸੰਸਥਾ ਨੂੰ ਬਾਦਲ ਦਲ ਨਾਲ ਜੋੜ ਕੇ ਉਸ ਦਾ ਨਿਰਾਦਰ ਕਰਨ ਦਾ ਕਾਰਜ ਕੀਤਾ ਹੈ। ਬਾਦਲ ਦਲ ਉਹ ਦਲ ਹੈ ਜਿਸ ਦੇ ਕਾਰਜਕਾਲ ਦੌਰਾਨ ਸਿੱਖਾਂ ਦੇ ਸਰਬ ਉੱਚ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਗੁਰੂਆਂ ਪੀਰਾਂ ਦੀ ਇਸ ਧਰਤੀ ਉੱਤੇ ਨਸ਼ਿਆਂ ਦਾ ਜਾਲ ਵਿਛਿਆ। ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਇਨਸਾਫ਼ ਮੰਗ ਰਹੇ ਬੇਕਸੂਰ ਸਿੱਖਾਂ ਨੂੰ ਵੀ ਬਾਦਲ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ। ਸ਼ਾਂਤਮਈ ਸਿੱਖ ਸੰਗਤ 'ਤੇ ਅੱਤਿਆਚਾਰ ਕਰਵਾ ਕੇ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਪੁਲਿਸ ਅਫ਼ਸਰਾਂ ਦੀ ਪੁਸ਼ਤਪਨਾਹੀ ਕਰਕੇ ਇਹ ਲੋਕ ਪੁੱਤ ਤੋਂ ਕਪੁੱਤ ਬਣ ਚੁੱਕੇ ਹਨ। ਅਜਿਹੇ ਸਿੱਖ ਵਿਰੋਧੀ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤ ਕਹਿਣਾ ਆਪ ਦੇ ਰੁਤਬੇ ਨੂੰ ਸ਼ੋਭਾ ਨਹੀਂ ਦਿੰਦਾ। 
 

Have something to say? Post your comment

Subscribe