ਵਾਸ਼ਿੰਗਟਨ : ਦੁਨੀਆ ਭਰ ਵਿਚ ਭਾਰਤੀ ਨਵੇਂ ਨਵੇਂ ਕਾਰਨਾਮੇ ਕਰਦੇ ਰਹਿੰਦੇ ਹਨ। ਹੁਣ ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥੀ ਨੇ 'ਰੀਬੂਟ' ਨਾਂ ਨਾਲ ਇਕ ਅਜਿਹੇ ਚੈਂਬਰ ਦਾ ਨਿਰਮਾਣ ਕੀਤਾ ਹੈ ਜੋ ਅਚਾਨਕ ਘਬਰਾਹਟ ਹੋਣ ਦੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਰਾਹਤ ਦਿੰਦਾ ਹੈ। ਇਹ ਚੈਂਬਰ ਜਨਤਕ ਥਾਵਾਂ 'ਤੇ ਲਗਾਇਆ ਜਾ ਸਕਦਾ ਹੈ। ਦਿੱਲੀ ਕਾਲਜ ਆਫ ਆਰਟ ਵਿਚ ਅਧਿਐਨ ਕਰ ਚੁੱਕੇ 32 ਸਾਲਾਂ ਦੇ ਕਾਰਤੀਕੇਯ ਮਿੱਤਲ ਅਮਰੀਕਾ ਦੇ ਪ੍ਰੈਟ ਇੰਸਟੀਚਿਊਟ ਨਿਊਯਾਰਕ ਵਿਚ ਇੰਡਸਟਰੀਅਲ ਡਿਜ਼ਾਈਨ ਵਿਚ ਮਾਸਟਰ ਡਿਗਰੀ ਲਈ ਖੋਜ ਕਰ ਰਹੇ ਹਨ।
ਕਾਰਤੀਕੇਯ ਨੇ ਇਸ ਚੈਂਬਰ ਦਾ ਨਿਰਮਾਣ ਕਰਨ ਲਈ ਡਿਜ਼ਾਈਨ ਅਤੇ ਇੰਜੀਨੀਅਰਿੰਗ ਦੇ ਨਾਲ ਹੀ ਮਾਨਸਿਕ ਰੋਗੀਆਂ 'ਤੇ ਵੀ ਖੋਜ ਕੀਤੀ ਅਤੇ ਕਈ ਮਨੋਵਿਗਿਆਨ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦਾ ਬਣਾਇਆ ਗਿਆ ਇਹ ਚੈਂਬਰ ਅਜਿਹੇ ਮਰੀਜ਼ਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਸਕਦਾ ਹੈ ਜੋ ਅਚਾਨਕ ਪੋਸਟ ਟ੍ਰਾਮੈਟਿਕ ਸਟਰੈਸ ਡਿਸਆਰਡਰ ਵਰਗੀ ਮਾਨਸਿਕ ਸਥਿਤੀ ਵਿਚ ਆ ਜਾਂਦੇ ਹਨ। ਯਾਨੀ ਕਿਸੇ ਵੀ ਮਾੜੀ ਘਟਨਾ ਪਿੱਛੋਂ ਅਚਾਨਕ ਘਬਰਾਹਟ ਵਾਲੀ ਸਥਿਤੀ ਵਿਚ ਪਹੁੰਚ ਜਾਂਦੇ ਹਨ। ਇਸ ਬਿਮਾਰੀ ਦੇ ਮਰੀਜ਼ ਆਮ ਤੌਰ 'ਤੇ ਹਰ ਦੇਸ਼ ਵਿਚ ਹਨ ਅਤੇ ਇਹ ਮਾਨਸਿਕ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
ਬਣਾਇਆ ਗਿਆ ਚੈਂਬਰ ਯੂਨੀਵਰਸਿਟੀ ਕੰਪਲੈਕਸਾਂ, ਹਵਾਈ ਅੱਡੇ, ਹਸਪਤਾਲ ਅਤੇ ਹੋਰ ਭੀੜ ਵਾਲੀ ਥਾਵਾਂ 'ਤੇ ਲਾਭਕਾਰੀ ਸਾਬਤ ਹੋ ਸਕਦਾ ਹੈ। ਇਹ ਮਰੀਜ਼ ਨੂੰ ਤੁਰੰਤ ਰਾਹਤ ਦੇਣ ਲਈ ਇਕਾਂਤ ਮੁਹੱਈਆ ਕਰਵਾਉਂਦਾ ਹੈ। ਅਜਿਹਾ ਮਾਹੌਲ ਉਪਲਬਧ ਕਰਾਉਂਦਾ ਹੈ ਜਿਸ ਨਾਲ ਭਾਵਨਾਵਾਂ 'ਤੇ ਤੁਰੰਤ ਹੀ ਕਾਬੂ ਪਾਇਆ ਜਾ ਸਕੇ। ਇਸ ਨੂੰ ਸਹੂਲਤ ਅਨੁਸਾਰ ਸਾਈਜ਼ ਦਿੱਤਾ ਜਾ ਸਕਦਾ ਹੈ। ਸਾਧਾਰਨ ਸਥਿਤੀ ਵਿਚ ਇਹ ਪੰਜ ਫੁੱਟ ਚੌੜਾ ਅਤੇ ਸੱਤ ਫੁੱਟ ਉੱਚਾ ਅਤੇ ਚਾਰ ਫੁੱਟ ਡੂੰਘਾ ਹੁੰਦਾ ਹੈ।