ਬ੍ਰਾਜੀਲ, (ਏਜੰਸੀ) : ਉੱਤਰ ਬ੍ਰਾਜੀਲ ਵਿਚ ਪੁਲਿਸ ਨੇ ਇਕ ਅਜਿਹੇ ਤੋਤੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਤਸਕਰਾਂ ਨੂੰ ਅਲਰਟ ਕਰਦਾ ਸੀ। ਜਿਦਾਂ ਹੀ ਪੁਲਿਸ ਇਨ੍ਹਾਂ ਦੇ ਇਲਾਕੇ ਵਿਚ ਆਉਂਦੀ ਸੀ ਉਹ ਪੁਲਿਸ-ਪੁਲਿਸ ਬੋਲ ਕੇ ਚੀਕਾਂ ਮਾਰਦਾ ਸੀ। ਸਾਰੇ ਲੋਕ ਹੈਰਾਨ ਤਦ ਹੋ ਗਏ ਜਦ ਉਸਨੇ ਪੁਲਿਸ ਟੀਮ ਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਪਣਾ ਮੁੰਹ ਨਹੀਂ ਖੋਲਿਆ।
ਪੁਲਿਸ ਦੀ ਇਕ ਟੀਮ ਨੇ ਦੋ ਦਿਨ ਪਹਿਲਾਂ ਪਿਆਉ ਸਟੇਟ ਵਿਚ ਡਰਗ ਤਸਕਰ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ। ਇਸ ਵਾਰ ਵੀ ਉਹ ਅਪਣੇ ਮਾਲਕ ਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਾਮਯਾਬ ਨਾ ਹੋ ਸਕਿਆ। ਪੁਲਿਸ ਨੇ ਦੋ ਤਸਕਰਾਂ ਨਾਲ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਪੁਲਿਸ ਉਸਦੇ ਨੇੜੇ ਪੁਜੀ ਤਾਂ ਤੋਤੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀ। ਅਸੀਂ ਸਮਝ ਗਏ ਕਿ ਇਹ ਅਲਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਾਮਯਾਬ ਨਹੀਂ ਹੋ ਸਕਿਆ।
ਬ੍ਰਾਜੀਲ ਦੇ ਇਕ ਪੱਤਰਕਾਰ ਨੇ ਦਸਿਆ ਕਿ ਮੈਂ ਇਸਦਾ ਰੱਵਈਆ ਦੇਖ ਕੇ ਹੈਰਾਨ ਹੋਇਆ। ਸਿਰਫ਼ ਅਪਣੇ ਮਾਲਕ ਦੀ ਗੱਲ ਸੁਣਦਾ ਹੈ। ਪੁਲਿਸ ਨੇ ਹਰ ਤਰ੍ਹਾਂ ਨਾਲ ਉਸ ਨੂੰ ਬੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪਚਾਪ ਬੈਠਿਆ ਰਿਹਾ। ਜਾਨਵਰਾਂ ਦੇ ਇਕ ਸਥਾਨਕ ਡਾਕਟਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੋਤਾ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਬ੍ਰਾਜੀਲ ਦੇ ਇਕ ਟੀ.ਵੀ ਚੈਨਲ ਨੇ ਦਸਿਆ ਕਿ ਤੋਤੇ ਨੂੰ ਇਕ ਸਥਾਨਕ ਚੀੜੀਆਘਰ ਵਿਚ ਭੇਜ ਦਿਤਾ ਗਿਆ ਹੈ। ਉਥੇ ਉਹ ਤਿੰਨ ਮਹੀਨੇ ਰਹੇਗਾ। ਜਿਥੇ ਉਸ ਨੂੰ ਉਡਣਾ ਸਿਖਾਇਆ ਜਾਵੇਗਾ। ਉਸਦੇ ਬਾਅਦ ਤੋਤੇ ਨੂੰ ਆਜਾਦ ਕਰ ਦਿਤਾ ਜਾਵੇਗਾ।