ਸ਼ਾਹਕੋਟ : ਸ਼ਨਿਚਰਵਾਰ ਨੂੰ ਦੀਵਾਲੀ ਮੌਕੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਕ ਨੌਜਵਾਨ ਦਾ ਹੱਥ ਵੱਢਿਆ ਗਿਆ।
ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਕੰਨਿਆ ਸਕੂਲ ਦੇ ਨਜ਼ਦੀਕ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਸਕੂਲ ਨੇੜੇ ਖੜ੍ਹੇ ਇਕ ਨੌਜਵਾਨ ਨੂੰ ਘੇਰ ਲਿਆ ਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਨੌਜਵਾਨ ਦੇ ਸਿਰ 'ਤੇ ਕਈ ਵਾਰ ਕੀਤੇ ਗਏ ਜਿਸ ਦੇ ਬਚਾਅ ਵਜੋਂ ਉਸ ਨੇ ਆਪਣੇ ਹੱਥ ਨਾਲ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਸ ਦਾ ਹੱਥ ਵੱਢਿਆ ਗਿਆ ਤੇ ਸਰੀਰ ਨਾਲੋਂ ਵੱਖ ਹੋ ਕੇ ਸੜਕ 'ਤੇ ਡਿੱਗ ਪਿਆ। ਆਸ-ਪਾਸ ਖੜ੍ਹੇ ਲੋਕਾਂ 'ਚ ਹਫੜਾ ਦਫੜੀ ਮੱਚ ਗਈ ਤੇ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਪਿੰਡ ਢੰਡੋਵਾਲ ਦਾ ਵਸਨੀਕ ਹੈ। ਹਮਲਾਵਰਾਂ ਦੀ ਪਛਾਣ ਹੋ ਗਈ ਹੈ ਤੇ ਉਹ ਪਿੰਡ ਕੰਨੀਆਂ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਜਾਵੇਗਾ।
ਸ਼ਾਹਕੋਟ ਵਿਖੇ ਵਾਪਰੀ ਇਸ ਘਟਨਾ ਨੇ ਪਟਿਆਲਾ ਦੀ ਘਟਨਾ ਤਾਜ਼ਾ ਕਰਵਾ ਦਿੱਤੀ। ਅਪ੍ਰੈਲ ਮਹੀਨੇ ਏਐੱਸਆਈ ਹਰਜੀਤ ਸਿੰਘ ਦਾ ਡਿਊਟੀ ਦੌਰਾਨ ਨਿਹੰਗਾਂ ਵੱਲੋਂ ਹੱਥ ਵੱਢ ਦਿੱਤਾ ਗਿਆ ਸੀ। ਹਰਜੀਤ ਸਿੰਘ ਬਿਨਾਂ ਘਬਰਾਏ ਆਪਣਾ ਹੱਥ ਖ਼ੁਦ ਚੁੱਕ ਕੇ ਹਸਪਤਾਲ ਨੂੰ ਰਵਾਨਾ ਹੋਇਆ ਸੀ। ਉਸੇ ਤਰ੍ਹਾਂ ਇਹ ਜ਼ਖ਼ਮੀ ਨੌਜਵਾਨ ਵੀ ਆਪਣਾ ਵੱਢਿਆ ਹੋਇਆ ਹੱਥ ਖ਼ੁਦ ਚੁੱਕ ਕੇ ਹਸਪਤਾਲ ਰਵਾਨਾ ਹੋ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ।