ਜਲੰਧਰ: ਥਾਣਾ ਬਾਰਾਦਰੀ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਚਹਿਰੀ ਚੌਕ ਲਾਗਿਓਂ ਉਸ ਵੇਲੇ ਜਾਅਲੀ ਦਸਤਾਵੇਜ਼ਾਂ 'ਤੇ ਜ਼ਮਾਨਤਾਂ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਜਾਅਲੀ ਦਸਤਾਵੇਜ਼ ਬਰਾਮਦ ਕਰ ਲਏ ਜਦ ਉਹ ਕਿਸੇ ਦੀ ਜ਼ਮਾਨਤ ਦੇਣ ਲਈ ਘੁੰਮ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਮੈਡਮ ਵਤਸਲਾ ਗੁਪਤਾ ਨੇ ਦੱਸਿਆ ਕਿ ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਅਵਜਿੰਦਰ ਸਿੰਘ ਵਾਸੀ ਪਿੰਡ ਅਰਜੁਨਵਾਲ ਜਲੰਧਰ ਤੇ ਨਛੱਤਰ ਵਾਸੀ ਪਿੰਡ ਖੁਰਦਪੁਰ ਜਲੰਧਰ ਜੋ ਕਿ ਜਾਅਲੀ ਦਸਤਾਵੇਜ਼ਾਂ 'ਤੇ ਅਪਰਾਧੀਆਂ ਦੀਆਂ ਅਦਾਲਤਾਂ ਵਿਚ ਜ਼ਮਾਨਤਾਂ ਦੇਂਦੇ ਹਨ ਅਤੇ ਬਾਅਦ ਵਿਚ ਅਪਰਾਧੀ ਭਗੌੜੇ ਹੋ ਜਾਂਦੇ ਹਨ।
ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਚਹਿਰੀ ਚੌਕ ਲਾਗਿਓਂ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਜਾਅਲੀ ਆਧਾਰ ਕਾਰਡ ਬਰਾਮਦ ਕੀਤੇ ਹਨ। ਮੈਡਮ ਵਤਸਲਾ ਗੁਪਤਾ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਹੁਣ ਤਕ ਉਨ੍ਹਾਂ ਨੇ ਕਿਸ-ਕਿਸ ਅਪਰਾਧੀ ਦੀ ਜਾਅਲੀ ਜ਼ਮਾਨਤ ਦਿੱਤੀ ਹੈ।