ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਬੈਂਚ ਨੇ ਵਕੀਲ ਨੂੰ ਵਿਆਹ ਦੀ ਵਧਾਈ ਦਿਤੀ ਹੋਵੇ ਤੇ ਵਧਾਈ ਵੀ ਬਕਾਇਦਾ ਹੁਕਮ ਵਿਚ ਲਿਖਵਾਈ ਗਈ। ਹਾਈ ਕੋਰਟ ਬੈਂਚ ਵਲੋਂ ਇਸ ਵਧਾਈ ਦਾ ਪਾਤਰ ਬਣੇ ਵਕੀਲ ਨੇ ਅਪਣੀ ਸੱਜਰੀ ਵਿਆਹੀ ਵਹੁਟੀ ਦੀ ਡੋਲੀ ਤਕ ਲਿਆਉਣ ਦੀ ਰਸਮ ਨੂੰ ਅਪਣੇ ਕੇਸ ਦੀ ਵਾਰੀ ਲਈ ਇੰਤਜਾਰ ਕਰਵਾ ਦਿਤਾ ਤੇ ਇਸੇ ਪ੍ਰਤੀਬੱਧਤਾ ਲਈ ਹਾਈ ਕੋਰਟ ਨੇ ਨਾ ਸਿਰਫ ਵਕੀਲ ਦੇ ਵਿਆਹੁਤਾ ਜੀਵਨ ਲਈ ਸ਼ੁਭ ਇੱਛਾਵਾਂ ਦਿਤੀਆਂ ਸਗੋਂ ਉਸ ਨੂੰ ਵਿਆਹ ਲਈ ਵਧਾਈ ਵੀ ਦਿਤੀ।
ਦਰਅਸਲ ਇਕ ਵਕੀਲ ਨੇ ਅਪਣੇ ਮੁਵੱਕਿਲ ਦੀ ਜ਼ਮਾਨਤ ਲਈ ਅਰਜ਼ੀ ਲਗਾਈ ਹੋਈ ਸੀ ਤੇ ਜਦੋਂ ਕੇਸ ਦੀ ਵਾਰੀ ਆਈ ਤਾਂ ਉਸ ਨੇ ਦਸਿਆ ਕਿ ਇਕ ਸਾਲ ਪੰਜ ਮਹੀਨੇ ਬੀਤ ਚੁੱਕੇ ਹਨ ਤੇ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ, ਲਿਹਾਜਾ ਉਸ ਦਾ ਮੁਵੱਕਿਲ ਜ਼ਮਾਨਤ ਦਾ ਹੱਕਦਾਰ ਹੈ।
28 ਅਕਤੂਬਰ ਨੂੰ ਹੋਈ ਇਸ ਸੁਣਵਾਈ ਦੌਰਾਨ ਉਸ ਨੇ ਬੈਂਚ ਨੂੰ ਦਸਿਆ ਕਿ ਬੀਤੀ ਰਾਤ ਹੀ ਉਸ ਦਾ ਵਿਆਹ ਸੀ ਤੇ ਅੱਜ ਸਵੇਰੇ ਵਿਆਹ ਦੀ ਡੋਲੀ ਦੀ ਰਸਮ ਹੋਣੀ ਸੀ ਪਰ ਕੇਸ ਦੀ ਵਾਰੀ ਆਉਣ ਦੇ ਇੰਤਜਾਰ ਵਿਚ ਉਸ ਦੀ ਡੋਲੀ ਦੀ ਰਸਮ ਵੀ ਅਜੇ ਅਧੂਰੀ ਪਈ ਹੈ ਤੇ ਉਹ ਕੇਸ ਦੀ ਸੁਣਵਾਈ ਲਈ ਵੀਡੀਉ ਕਾਨਫ਼ਰੰਸਿੰਗ ਨਾਲ ਜੁੜਿਆ ਹੋਇਆ ਹੈ। ਇਸੇ 'ਤੇ ਬੈਂਚ ਨੇ ਉਸ ਨੂੰ ਵਿਆਹ ਦੀ ਵਧਾਈ ਦਿਤੀ ਤੇ ਨਾਲ ਹੀ ਸੁਖੀ ਵਿਆਹੁਤਾ ਜੀਵਨ ਦੀ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਤੇ ਇਹ ਤੱਥ ਬਕਾਇਦਾ ਹੁਕਮ ਵਿਚ ਲਿਖਵਾਏ ਗਏ। ਬੈਂਚ ਨੇ ਇਸ ਵਕੀਲ ਦੇ ਮੁਵੱਕਿਲ ਦੀ ਅੰਤ੍ਰਿਮ ਜ਼ਮਾਨਤ ਵੀ ਦੇ ਦਿਤੀ ਹੈ ਪਰ ਉਸ ਨੂੰ ਪੁਲਿਸ ਕੋਲ ਪੇਸ਼ ਹੋਣਾ ਪਵੇਗਾ।