ਪਾਨੀਪਤ : ਇਕ ਦਿਨ ਪਹਿਲਾਂ ਜਿੱਥੇ ਚਾਰੇ ਪਾਸੇ ਦੁਰਗਾ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਕੰਨਿਆਵਾਂ ਦੀ ਪੂਜਾ ਕੀਤੀ ਜਾ ਰਹੀ ਸੀ, ਉੱਥੇ ਅਗਲੇ ਦਿਨ ਹੀ ਐਤਵਾਰ ਸਵੇਰੇ ਸਥਾਨਕ ਸਿਵਲ ਹਸਪਤਾਲ 'ਚ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਅਤੇ ਦਿਲ ਨੂੰ ਹਿਲਾ ਦੇਣ ਵਾਲੀ ਇਕ ਘਟਨਾ ਵਾਪਰੀ। ਇਕ ਮਾਂ ਨੇ ਸਿਰਫ਼ ਇਕ ਦਿਨ ਦੀ ਬੱਚੀ ਨੂੰ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਪਾਰਕ 'ਚ ਸੁੱਟ ਦਿੱਤਾ। ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁੱਤਿਆਂ ਨੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਲੋਕ ਉੱਥੇ ਆ ਕੇ ਬੱਚੀ ਨੂੰ ਬਚਾਉਂਦੇ, ਉਸ ਦੀ ਮੌਤ ਹੋ ਚੁੱਕੀ ਸੀ। ਉਸ ਦਾ ਸਿਰ ਵੀ ਗਾਇਬ ਸੀ। ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਬਸ ਸਟੈਂਡ ਚੋਂਕੀ ਦੇ ਸਬ ਇੰਸਪੈਕਟਰ ਬਿਜੇਂਦਰ ਸਿੰਘ ਅਤੇ ਹੈੱਡ ਕਾਂਸਟੇਬਲ ਦੀਪਕ ਮੌਕੇ 'ਤੇ ਪੁੱਜੇ। ਉਨ੍ਹਾਂ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਜਨ ਸੇਵਾ ਦਲ ਦੇ ਇਕ ਸੇਵਾਦਾਰ ਦੀ ਸ਼ਿਕਾਇਤ 'ਤੇ ਅਣਪਛਾਤੀ ਔਰਤ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਮੌਜੂਦ ਲੋਕਾਂ ਵਲੋਂ ਦੱਸਣ ਮੁਤਾਬਕ ਐਤਵਾਰ ਸਵੇਰੇ ਲਗਭਗ 8 ਵਜੇ ਉਨ੍ਹਾਂ ਨੂੰ ਪਾਰਕ 'ਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ। ਇਹ ਆਵਾਜ਼ ਓ.ਪੀ.ਡੀ. ਬਲਾਕ ਦੇ ਪਿੱਛੇ ਬਣੇ ਪਾਰਕ 'ਚੋਂ ਆਈ ਸੀ। ਜਿਵੇਂ ਹੀ ਕੁਝ ਲੋਕ ਪਾਰਕ 'ਚ ਪੱਜੇ ਤਾਂ ਉਨ੍ਹਾਂ ਨੇ ਵੇਖਿਆ ਕਿ ਇਕ ਕੁੱਤਾ ਇਕ ਨਵਜੰਮੀ ਬੱਚੀ ਨੂੰ ਨੋਚ ਰਿਹਾ ਹੈ। ਲੋਕਾਂ ਨੇ ਕਿਸੇ ਤਰ੍ਹਾਂ ਕੁੱਤੇ ਨੂੰ ਭਜਾਇਆ ਅਤੇ ਇਸ ਬਾਰੇ ਸੂਚਨਾ ਹਸਪਤਾਲ ਦੇ ਗਾਰਡ ਨੂੰ ਦਿੱਤੀ। ਗਾਰਡ ਨੇ ਹਸਪਤਾਲ ਦੀ ਚੌਥੀ ਮੰਜ਼ਿਲ 'ਤੇ ਇਕ ਔਰਤ ਨੂੰ ਖੜ੍ਹੀ ਵੇਖਿਆ। ਉਸ ਨੂੰ ਸ਼ੱਕ ਹੈ ਕਿ ਉਕਤ ਔਰਤ ਨੇ ਹੀ ਨਵਜੰਮੀ ਬੱਚੀ ਨੂੰ ਹੇਠਾਂ ਸੁੱਟਿਆ ਹੈ। ਮੌਕੇ 'ਤੇ ਹਸਪਤਾਲ ਦੇ ਡਾਕਟਰ ਵੀ ਪੁੱਜੇ ਅਤੇ ਜਾਂਚ ਕੀਤੀ। ਜਨ ਸੇਵਾ ਦਲ ਦੇ ਸੇਵਾਦਾਰ ਚਮਨ ਗੁਲਾਟੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਜਦੋਂ ਉਹ ਬੱਚੀ ਕੋਲ ਪੁੱਜਾ ਤਾਂ ਉਸ ਦਾ ਸਿਰ ਗਾਇਬ ਸੀ। ਸ਼ੱਕ ਹੈ ਕਿ ਕਿਸੇ ਔਰਤ ਨੇ ਆਪਣੀ ਪੈਦਾਇਸ਼ ਨੂੰ ਲੁਕਾਉਣ ਲਈ ਅਤੇ ਬੱਚੀ ਦਾ ਪਾਲਣ ਪੋਸ਼ਣ ਨਾ ਕਰ ਸਕਣ ਕਾਰਨ ਉਸ ਨੂੰ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਹੇਠਾ ਸੁੱਟਿਆ।