ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਪਾਰਟੀ ਤੋਂ ਨਾਰਾਜ਼ ਚਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ ਮਨਾ ਕੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਲੰਬੇ ਸਮੇਂ ਤੋਂ ਰਾਜਨੀਤੀ ਤੋਂ ਗਾਇਬ ਚਲ ਰਹੇ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਫਰੰਟ 'ਤੇ ਆਏ ਸਨ। ਨਵਜੋਤ ਸਿੱਧੂ ਦੀ ਸਰਕਾਰ 'ਤੇ ਸੰਗਠਨ ਵਿੱਚ ਵਾਪਸੀ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾਵਾਂ ਚਲ ਰਹੀਆਂ ਹਨ।
ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪੰਜਾਬ ਵਿਧਾਨਸਭਾ ਵੀ ਪਹੁੰਚੇ ਜਿੱਥੇ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਪਾਸ ਕੀਤੇ ਗਏ ਪ੍ਰਸਤਾਵ ਦੇ ਮੁੱਦੇ 'ਤੇ ਅਮਰਿੰਦਰ ਸਿੰਘ ਸਰਕਾਰ ਦੀ ਜੰਮ ਕੇ ਤਾਰੀਫ ਕੀਤੀ। ਇਸੇ ਦੌਰਾਨ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਨ 'ਤੇ ਦੇਰ ਸ਼ਾਮ ਹਰੀਸ਼ ਰਾਵਤ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਪਹੁੰਚੇ। ਹਰੀਸ਼ ਰਾਵਤ ਨੇ ਸਿੱਧੂ ਦੇ ਨਾਲ ਕੇਕ ਕੱਟਿਆ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਹਰੀਸ਼ ਰਾਵਤ ਜਦ ਤੋਂ ਪੰਜਾਬ ਦੇ ਪ੍ਰਭਾਰੀ ਬਣੇ ਹਨ ਉਦੋਂ ਤੋਂ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਲਗਾਤਾਰ ਮੀਟਿੰਗਾ ਹੋ ਰਹੀਆਂ ਹਨ। ਰਾਵਤ ਵੱਲੋਂ ਉਨ੍ਹਾਂ ਦਾ ਜਨਮਦਿਨ ਮਨਾਉਣ ਦੇ ਬਾਦ ਪੰਜਾਬ ਦੀ ਰਾਜਨੀਤੀ ਫਿਰ ਤੋਂ ਨਵੀਆਂ ਚਰਚਾਵਾਂ ਨੇ ਜਨਮ ਲੈ ਲਿਆ ਹੈ।