ਇਮਾਰਤ ਵਿੱਚ ਕਈ ਜ਼ਰੂਰੀ ਫਾਈਲਾਂ ਸੜ ਗਈਆਂ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-17 ਸਥਿਤ ਹਰਿਆਣਾ ਸਕੱਤਰੇਤ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਘਟਨਾ ਸ਼ਾਮ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਇਮਾਰਤ ਨੂੰ ਅੱਗ ਲੱਗਦੇ ਹੀ ਬਾਹਰ ਲੋਕਾਂ 'ਚ ਭਗਦੜ ਮੱਚ ਗਈ।
ਇਮਾਰਤ 'ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਥੋੜ੍ਹੇ ਸਮੇਂ ਵਿੱਚ ਮੌਕੇ ’ਤੇ ਪਹੁੰਚ ਕੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਅੱਗ ਬੁਝਾਉਣ ਲਈ 5 ਫਾਇਰ ਟੈਂਡਰ ਪਹੁੰਚੇ
ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 4.10 ਵਜੇ ਹਰਿਆਣਾ ਦੇ ਨਵੇਂ ਸਕੱਤਰੇਤ ਦੀ ਇਮਾਰਤ (ਸੈਕਟਰ-17) ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਮਾਰਤ ਦੀ ਤੀਜੀ ਮੰਜ਼ਿਲ ਤੋਂ ਧੂੰਆਂ ਨਿਕਲ ਰਿਹਾ ਸੀ। ਲੋਕਾਂ ਨੇ ਇਸ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ। ਇਸ ਤੋਂ ਬਾਅਦ ਫਾਇਰ ਵਿਭਾਗ ਨੂੰ ਸੁਨੇਹਾ ਭੇਜਿਆ ਗਿਆ।
ਅੱਗ ਬੁਝਾਉਣ ਲਈ ਪਹਿਲਾਂ ਸਿਰਫ਼ ਇੱਕ ਗੱਡੀ ਮੌਕੇ 'ਤੇ ਪਹੁੰਚੀ ਸੀ। ਇਸ ਤੋਂ ਬਾਅਦ ਚਾਰ ਹੋਰ ਵਾਹਨਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਦਫ਼ਤਰ ਵਿੱਚ ਕੋਈ ਕਰਮਚਾਰੀ ਜਾਂ ਅਧਿਕਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਇਮਾਰਤ ਵਿੱਚ ਕਿਰਤ ਕਮਿਸ਼ਨਰ, ਚੋਣ ਕਮਿਸ਼ਨ, ਉਦਯੋਗ ਵਿਭਾਗ ਵਰਗੇ ਪ੍ਰਮੁੱਖ ਦਫ਼ਤਰ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਕੁਝ ਦਫ਼ਤਰ ਵੀ ਇਸ ਇਮਾਰਤ ਵਿੱਚ ਚੱਲ ਰਹੇ ਹਨ।