ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦਾ ਦੂਜਾ ਭਾਗ 5 ਨਵੰਬਰ, 2020 ਤੋਂ ਸ਼ੁਰੂ ਹੋਵੇਗਾ| ਇਸ ਦੌਰਾਨ ਲੰਬਿਤ ਬਿੱਲਾਂ 'ਤੇ ਚਰਚਾ ਹੋਵੇਗੀ ਅਤੇ ਵਿਧਾਈ ਕੰਮਕਾਜ ਪੂਰਾ ਕੀਤਾ ਜਾਵੇਗਾ। ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਇਸ ਸਬੰਧ ਵਿਚ ਅਧਿਕਾਰਿਕ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ 5 ਨਵੰਬਰ ਤੋਂ ਮਾਨਸੂਨ ਸ਼ੈਸ਼ਨ ਦਾ ਦੂਜਾ ਭਾਗ ਸ਼ੁਰੂ ਕਰਨ ਦੀ ਸੂਚਨਾ ਮਿਲੀ ਹੈ। ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਗੌਰਤਲਬ ਹੈ ਕਿ ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸ਼ੈਸ਼ਨ 26 ਅਗਸਤ, 2020 ਨੂੰ ਸ਼ੁਰੂ ਹੋਇਆ ਸੀ। ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ, ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਵੱਡੀ ਗਿਣਤੀ ਵਿਚ ਵਿਧਾਇਕ Covid-19 ਤੋਂ ਸੰਕ੍ਰਮਿਤ ਹੋ ਗਏ ਸਨ। ਦੇਸ਼ ਅਤੇ ਸੂਬੇ ਵਿਚ ਕੋਰੋਨਾ ਦਾ ਖਤਰਾ ਵੱਧ ਸੀ। ਇਸ ਦੇ ਚਲਦੇ ਮਾਨਸੂਨ ਸ਼ੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਦਸਿਆ ਕਿ ਹੁਣ ਕੋਰੋਨਾ ਦਾ ਖਤਰਾ ਘੱਟ ਹੋਣਾ ਸ਼ੁਰੂ ਹੋ ਗਿਆ ਹੈ, ਇਸ ਲਈ ਸ਼ੈਸ਼ਨ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਗਿਆ ਹੈ। 5 ਨਵੰਬਰ ਤੋਂ ਹੋਣ ਵਾਲੇ ਸ਼ੈਸ਼ਨ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਸਬੰਧ ਵਿਚ ਵਿਸ਼ਵ ਸਿਹਤ ਸੰਗਠਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂਜਾਰੀ ਹਿਦਾਇਤਾਂ ਦਾ ਵੀ ਪੂਰੀ ਤਰ੍ਹਾ ਨਾਲ ਪਾਲਣ ਕੀਤਾ ਜਾਵੇਗਾ।
ਮਾਨਸੂਨ ਸ਼ੈਸ਼ਨ ਦੀ ਕਵਰੇਜ ਲਈ ਪ੍ਰੈਸ ਗੈਲਰੀ ਸੈਕਟਰ-3 ਸਥਿਤ ਹਰਿਆਣਾ ਨਿਵਾਸ ਵਿਚ ਬਣਾਈ ਜਾਵੇਗੀ। ਸਾਰੇ ਮੀਡੀਆ ਕਰਮਚਾਰੀ ਉੱਥੇ ਤੋਂ ਮਾਨਸੂਨ ਸ਼ੈਸ਼ਨ ਨੂੰ ਕਵਰ ਕਰਣਗੇ। ਮਾਨਸੂਨ ਸ਼ੈਸ਼ਨ ਦੇ ਭਾਗ-2 ਵਿਚ ਸਮਾਜਿਕ ਦੂਰੀ ਬਣਾਏ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਦੇ ਲਈ ਹਰਿਆਣਾ ਨਿਵਾਸ ਦੇ ਦੋਨੋ ਹਾਲ ਬੁੱਕ ਕਰਵਾਏ ਜਾਣਗੇ ਅਤੇ ਇਸ ਸਥਾਨ ਨੂੰ ਸ਼ੈਸ਼ਨ ਸਮੇਂ ਤਕ ਵਿਧਾਨਸਭਾ ਕੰਪਲੈਕਸ ਐਲਾਨ ਕੀਤਾ ਜਾਵੇਗਾ।