ਨਵੀਂ ਦਿੱਲੀ : ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਸੋਮਵਾਰ ਨੂੰ ਗਾਂ ਦੇ ਗੋਬਰ ਨਾਲ ਬਣੀ ਇਕ ਚਿੱਪ ਲਾਂਚ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਸ ਨਾਲ ਮੋਬਾਈਲ ਹੈਂਡਸੇਟ ਦਾ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਕਮਿਸ਼ਨ ਦੇ ਮੁਖੀ ਵੱਲਭ ਭਾਈ ਕਥੀਰੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, 'ਅਸੀਂ ਦੇਖਿਆ ਹੈ ਕਿ ਮੋਬਾਈਲ ਨੂੰ ਨਾਲ ਰੱਖਿਆ ਜਾਵੇ ਤਾਂ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਬਿਮਾਰੀ ਤੋਂ ਬਚਣਾ ਹੈ ਤਾਂ ਅੱਗੇ ਆਉਣ ਵਾਲੇ ਸਮੇਂ ਵਿਚ ਇਹ ਕੰਮ ਆਵੇਗਾ'। ਇਸ ਦੇ ਨਾਲ ਹੀ ਕਾਮਧੇਨੁ ਕਮਿਸ਼ਨ ਨੇ ਗਾਂ ਦੇ ਗੋਬਰ ਨਾਲ ਬਣੇ ਕਈ ਹੋਰ ਪ੍ਰੋਡਕਟ ਲਾਂਚ ਕੀਤੇ, ਜਿਨ੍ਹਾਂ ਦਾ ਟੀਚਾ ਇਸ ਦਿਵਾਲੀ ਮੌਕੇ ਪ੍ਰਦੂਸ਼ਣ ਨੂੰ ਘੱਟ ਕਰਨਾ ਦੱਸਿਆ ਜਾ ਰਿਹਾ ਹੈ।ਦਰਅਸਲ ਇਸ ਦਿਵਾਲੀ 'ਤੇ ਚੀਨ ਦੇ ਉਤਪਾਦਾਂ ਦਾ ਬਾਈਕਾਟ ਯਕੀਨੀ ਬਣਾਉਣ ਲਈ ਅਤੇ ਗਾਂ ਦੇ ਗੋਬਰ ਨਾਲ ਬਣੇ ਦੀਵੇ ਅਤੇ ਮੂਰਤੀਆਂ ਸਮੇਤ ਕਈ ਹੋਰ ਚੀਜ਼ਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ 'ਕਾਮਧੇਨੁ ਦੀਪਾਵਲੀ ਮੁਹਿੰਮ' ਚਲਾਉਣ ਦਾ ਐਲ਼ਾਨ ਕੀਤਾ।
ਵੱਲਭ ਭਾਈ ਕਥੀਰੀਆ ਨੇ ਕਾਨਫਰੰਸ ਦੌਰਾਨ ਗੋਬਰ ਦੇ ਦੀਵੇ, ਸ਼ੁੱਭ-ਲਾਭ ਅਤੇ ਗੋਬਰ ਦੇ ਚਿਪ ਵੀ ਦਿਖਾਏ। ਉਹਨਾਂ ਨੇ ਕਿਹਾ ਕਿ 'ਗਾਂ ਦੇ ਗੋਬਰ ਨਾਲ ਸਾਰਿਆਂ ਦੀ ਰੱਖਿਆ ਹੋਵੇਗੀ'। ਇਹ ਸਮਾਨ ਘਰ ਵਿਚ ਆਵੇਗਾ ਤਾਂ ਘਰ ਰੇਡੀਏਸ਼ਨ ਮੁਕਤ ਹੋ ਜਾਵੇਗਾ'। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ ਅਤੇ ਉਮੀਦ ਜਤਾਈ ਗਈ ਹੈ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਅਤੇ ਸਵਦੇਸ਼ੀ ਮੁਹਿੰਮ ਨੂੰ ਉਤਸ਼ਾਹਿਤ ਕਰਦੇ ਹੋਏ ਚੀਨ ਦੇ ਬਣੇ ਦੀਵਿਆਂ ਦਾ ਬਾਈਕਾਟ ਯਕੀਨੀ ਕਰੇਗੀ। ਕਮਿਸ਼ਨ ਨੇ ਦੇਸ਼ ਭਰ ਦੇ 11 ਕਰੋੜ ਪਰਿਵਾਰਾਂ ਜ਼ਰੀਏ ਗੋਬਰ ਦੇ ਬਣੇ 33 ਕਰੋੜ ਦੀਵੇ ਜਗਾਉਣ ਦਾ ਟੀਚਾ ਮਿੱਥਿਆ ਹੈ।