ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਦਾ ਸੰਕਟ ਵਧ ਸਕਦਾ ਹੈ। ਅਜਿਹੀ ਸੰਭਾਵਨਾ ਬਣ ਰਹੀ ਹੈ ਕਿ ਪੰਜਾਬ ਬਲੈਕ ਆਊਟ ਨੂੰ ਦੇਖ ਸਕਦਾ ਹੈ। ਇਹ ਸੰਕਟ ਕੋਇਲੇ ਦੀ ਕਮੀ ਕਾਰਨ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਕੇਂਦਰੀ ਖੇਤੀ ਐਕਟਾਂ ਨੂੰ ਲੈ ਕੇ ਕਿਸਾਨ ਪਿਛਲੇ 17 ਦਿਨਾਂ ਤੋਂ ਅੰਦੋਲਨ 'ਤੇ ਹਨ ਅਤੇ ਰੇਲ ਗੱਡੀਆਂ ਠੱਪ ਹਨ, ਜਿਸ ਕਾਰਨ ਪੰਜਾਬ ਵਿੱਚ ਰੇਲ ਆਵਾਜਾਈ ਬਿਲਕੁਲ ਬੰਦ ਹੈ। ਇਸ ਦੇ ਚੱਲਦਿਆਂ ਪੰਜਾਬ ਵਿੱਚ ਕੋਇਲੇ ਦੀ ਸਪਲਾਈ ਹੋਰਨਾਂ ਸੂਬਿਆਂ ਤੋਂ ਨਹੀਂ ਹੋ ਰਹੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਕੋਲ ਹੁਣ ਸਿਰਫ ਤਿੰਨ ਦਿਨ ਦਾ ਕੋਇਲੇ ਦਾ ਸਟਾਕ ਬਚਿਆ ਹੈ, ਜੇਕਰ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਪੰਜਾਬ ਵਿੱਚ ਆਵਾਜਾਹੀ ਕਰਨ ਦੀ ਇਜਾਜਤ ਨਹੀਂ ਦਿੱਤੀ ਤਾਂ ਪੰਜਾਬ ਵਿੱਚ ਬਿਜਲੀ ਉਤਪਾਦਨ 'ਤੇ ਗੰਭੀਰ ਸੰਕਟ ਦੇ ਬੱਦਲ ਆ ਜਾਣਗੇ ਅਤੇ ਪੰਜਾਬ ਵਿੱਚ ਬਿਜਲੀ ਕੱਟ ਅਤੇ ਬਲੈਕ ਆਊਟ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ। ਪੰਜਾਬ ਸਰਕਾਰ ਨੇ ਪੰਜਾਬ ਦੇ ਤਿੰਨ ਮੰਤਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਸਬੰਧੀ ਕਿਸਾਨਾਂ ਨਾਲ ਗੱਲਬਾਤ ਕਰੇਗੀ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਸ਼ਾਮਲ ਹਨ।
ਦੂਜੇ ਪਾਸੇ ਕਿਸਾਨ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਸੂਬੇ ਵਿੱਚ ਵਿਰੋਧ ਕਰ ਰਹੇ ਹਨ , ਪੰਜਾਬ ਉਨ੍ਹਾਂ ਕਾਰਪੇਟ ਘਰਾਣਿਆਂ ਤੋਂ ਬਿਜਲੀ ਖਰੀਦਣ ਲਈ ਮਜਬੂਰ ਹੋ ਰਿਹਾ ਹੈ। ਫਿਲਹਾਲ ਪੰਜਾਬ ਅੰਬਾਨੀ ਗਰੁੱਪ ਦੀ ਮਾਲਕੀ ਵਾਲੇ ਰਿਲਾਇੰਸ ਤੋਂ ਰੋਜ਼ਾਨਾ 550 ਮੈਗਾਵਾਟ ਬਿਜਲੀ ਖ਼ਰੀਦ ਰਿਹਾ ਹੈ, ਜਦਕਿ ਬਿਜਲੀ ਸਮਝੌਤਿਆਂ ਅਧੀਨ ਅੰਬਾਨੀ ਗਰੁੱਪ ਤੋਂ ਉਸ ਨੇ ਅਗਲੇ 18 ਸਾਲ ਤੱਕ ਬਿਜਲੀ ਖ਼ਰੀਦਣੀ ਹੈ. ਇਸੇ ਤਰ੍ਹਾਂ ਪੰਜਾਬ ਵਿੱਚ ਅਦਾਨੀ ਗਰੁੱਪ ਵਾਲੇ ਵਿੰਡ ਪਾਵਰ ਪ੍ਰਾਜੈਕਟ ਤੋਂ ਵੀ ਬਿਜਲੀ ਖਰੀਦੀ ਜਾਣੀ ਹੈ। ਇਸ ਦੇ ਨਾਲ ਪੰਜਾਬ ਟਾਟਾ ਮੁਦਰਾ ਪਾਵਰ ਪ੍ਰਾਜੈਕਟ ਤੋਂ ਵੀ 475 ਮੈਗਾਵਾਟ ਬਿਜਲੀ ਖ਼ਰੀਦੀ ਜਾ ਰਹੀ ਹੈ।
ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕੁਝ ਕਿਸਾਨ ਸੰਗਠਨ ਇਸ ਹੱਕ ਵਿਚ ਹਨ ਕਿ ਕਣਕ ਦੀ ਬਿਜਾਈ ਲਈ ਅਤੇ ਖਾਦ -ਬਿਜਲੀ ਦੀ ਜ਼ਰੂਰਤ ਲਈ ਕੋਇਲੇ ਦੀਆਂ ਗੱਡੀਆਂ ਨੂੰ ਜਾਣ ਦਿੱਤਾ ਜਾਣਾ ਚਾਹੀਦਾ ਹੈ, ਜਦ ਕਿ ਹੋਰ ਕਿਸਾਨ ਜਥੇਬੰਦੀਆਂ ਕਣਕ ਦੀ ਬਿਜਾਈ ਨੂੰ ਅੰਦੋਲਨ ਤੱਕ ਮੁਲਤਵੀ ਕਰਨ ਦਾ ਸੁਝਾਅ ਦੇ ਰਹੀਆਂ ਹਨ। ਇੰਨ੍ਹਾ ਮੁੱਦਿਆਂ 'ਤੇ ਕਿਸਾਨ ਜਥੇਬੰਦੀਆਂ ਦੋ ਹਿੱਸਿਆਂ ਵਿੱਚ ਵੰਡਦੀਆਂ ਨਜ਼ਰ ਆ ਰਹੀਆਂ ਹਨ। ਕਿਸਾਨ ਜਥੇਬੰਦੀਆਂ ਨੇ ਇਸ ਸਬੰਧੀ ਇੱਕ ਮੀਟਿੰਗ 15 ਅਕਤੂਬਰ ਨੂੰ ਸੱਦੀ ਹੋਈ ਹੈ, ਜਦਕਿ ਇਸ ਤੋਂ ਪਹਿਲਾਂ ਹੋਰ ਜਥੇਬੰਦੀਆਂ ਨੇ ਵੀ 13 ਅਕਤੂਬਰ ਨੂੰ ਮੀਟਿੰਗ ਰੱਖ ਲਈ ਹੈ। ਕਿਸਾਨ ਮਜ਼ਦੂਰ ਸੰਗਠਨਾਂ ਦੀ ਇੱਕ ਮੀਟਿੰਗ ਅੱਜ ਵੀ ਇਸੇ ਸਬੰਧੀ ਰੱਖੀ ਗਈ ਹੈ। ਦੂਜੇ ਪਾਸੇ ਕਿਸਾਨਾਂ ਦੇ ਇਸ ਅੰਦੋਲਨ ਦੇ ਚੱਲਦਿਆਂ ਪੰਜਾਬ ਦੀ ਸਭ ਤੋਂ ਵੱਡੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ 'ਤੇ ਵੀ ਸੰਕਟ ਬਣਨਾ ਸ਼ੁਰੂ ਹੋ ਗਿਆ ਹੈ. ਕਿਉਂਕਿ ਕਿਸਾਨ ਰਿਫਾਈਨਰੀ ਵੱਲ ਜਾਂਦੀ ਰੇਲ ਪਟੜੀ ਤੇ ਵੀ ਧਰਨੇ ਤੇ ਬੈਠ ਗਏ ਹਨ, ਜਿਸ ਕਾਰਨ ਰਿਫਾਇਨਰੀ ਦਾ ਕੰਮ ਠੱਪ ਹੋਣ ਵੱਲ ਵੱਧ ਰਿਹਾ ਹੈ। ਕਿਸਾਨ ਅਜਿਹਾ ਕਾਰਪੋਰੇਟ ਘਰਾਨਿਆਂ ਦੇ ਵਿਰੋਧ ਦੇ ਮੱਦੇਨਜ਼ਰ ਕਰ ਰਹੇ ਹਨ।