ਚੰਡੀਗੜ੍ਹ : ਸਾਬਕਾ ਆਈਏਐਸ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ 'ਤੇ ਹੱਤਿਆ ਕਰਨ ਮਗਰੋਂ ਲਾਸ਼ ਖੁਰਦ ਬੁਰਦ ਕਰਨ ਮਾਮਲੇ ਵਿੱਚ ਘਿਰੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਬੇਅਬਦੀ ਬਰਗਾੜੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਾਲ 2015 ਵਿੱਚ ਵਾਪਰੇ ਕੋਟਕਪੂਰਾ ਗੋਲ਼ੀ ਕਾਂਡ 'ਚ ਵੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਨਾਮਜ਼ਦ ਕਰ ਲਿਆ ਹੈ। ਸੈਣੀ 'ਤੇ ਇਰਾਦਾ ਕਤਲ, ਅਪਰਾਧਿਕ ਸਾਜ਼ਿਸ਼ ਤੇ ਹਥਿਆਰ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਕੁਝ ਦਿਨ ਪਹਿਲਾਂ ਹੀ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ 'ਚ ਵੀ ਸੈਣੀ ਨੂੰ ਨਾਮਜ਼ਦ ਕੀਤਾ ਗਿਆ ਸੀ। ਸਾਬਕਾ ਡੀਜੀਪੀ ਨੂੰ ਕੋਟਕਪੂਰਾ ਕੇਸ 'ਚ ਨਾਮਜ਼ਦ ਕਰ ਕੇ ਡਿਊਟੀ ਮੈਜਿਸਟ੍ਰੇਟ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬਹਿਬਲ ਕਲਾਂ 'ਤੇ ਕੋਟਕਪੂਰਾ ਗੋਲ਼ੀ ਕਾਂਡ 14 ਅਕਤੂਬਰ 2015 ਨੂੰ ਹੋਇਆਂ ਸੀ। ਬਹਿਬਲ ਕਲਾਂ 'ਚ ਪੁਲਿਸ ਦੀ ਗੋਲ਼ੀ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ ਕੋਟਕਪੂਰਾ 'ਚ ਲਾਠੀਚਾਰਜ ਤੇ ਫਾਇਰਿੰਗ ਨਾਲ ਕਰੀਬ 100 ਲੋਕ ਜ਼ਖ਼ਮੀ ਹੋ ਗਏ ਸਨ।