10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ’ਤੇ ਪ੍ਰੀਖਿਆ ਦਾ ਦਬਾਅ ਘੱਟ ਕਰਨ ਲਈ ਦੇਸ਼ ਦੇ ਸਭ ਤੋਂ ਵੱਡੇ ਐਜੂਕੇਸ਼ਨਲ ਬੋਰਡ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਅਤੇ ਕਾਊਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਨੇ ਇਕ ਵਾਰ ਫਿਰ ਤੋਂ ਇਨ੍ਹਾਂ ਕਲਾਸਾਂ ਦੇ ਸਿਲੇਬਸ ਘੱਟ ਕਰਨ ਦੀ ਰੂਪ-ਰੇਖਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕਿ ਇਸ ਸਬੰਧੀ ਹੁਣ ਤੱਕ ਕੋਈ ਅਧਿਕਾਰਿਕ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਹੋਇਆ ਹੈ ਪਰ ਆਉਣ ਵਾਲੇ ਦਿਨਾਂ 'ਚ ਇਸਦਾ ਰਸਮੀ ਐਲਾਨ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਸਕੂਲ ਫਿਲਹਾਲ ਹੁਣ ਬੰਦ ਹੀ ਰਹਿਣਗੇ ਅਤੇ ਆਨਲਾਈਨ ਕਲਾਸਾਂ ਸਾਧਾਰਨ ਰੂਪ 'ਚ ਚੱਲਦੀਆਂ ਰਹਿਣਗੀਆਂ। ਦੋਵੇਂ ਰਾਸ਼ਟਰੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਪੜ੍ਹਾਈ ਦੇ ਬੋਝ ਨੂੰ ਘੱਟ ਕਰਨ ਲਈ ਸਿਲੇਬਸ 'ਚ ਕਟੌਤੀ ਕਰਨ ਦੀ ਲੋੜ ਹੈ। ਸੀ. ਬੀ. ਐੱਸ. ਈ. ਸੂਤਰਾਂ ਅਨੁਸਾਰ ਫਿਲਹਾਲ ਸਿਲੇਬਸ ਘੱਟ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹੇ ਤਾਂ ਸਿਲੇਬਸ 'ਚ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 70 ਜਾਂ 50 ਫ਼ੀਸਦੀ ਸਿਲੇਬਸ ਦੇ ਆਧਾਰ ’ਤੇ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ ਕਿ ਨਹੀਂ, ਇਸ ’ਤੇ ਬੋਰਡ ਜਲਦ ਹੀ ਆਪਣਾ ਫ਼ੈਸਲਾ ਲਵੇਗਾ।
ਇੰਨਾ ਹੀ ਨਹੀਂ ਹਰ ਸਾਲ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂਆਤੀ ਦਿਨਾਂ 'ਚ ਹੀ ਬੋਰਡ ਪ੍ਰੀਖਿਆ ਆਯੋਜਿਤ ਕਰਨ ਵਾਲੀ ਸੀ. ਬੀ. ਐੱਸ. ਈ. ਨੇ ਸਾਲਾਨਾ ਪ੍ਰੀਖਿਆਵਾਂ ਨੂੰ ਵੀ ਲਗਭਗ 1 ਸਾਲ 2 ਮਹੀਨੇ ਦੀ ਦੇਰੀ ਨਾਲ ਕਰਵਾਉਣ ਦੇ ਨਾਲ ਵਿਚਾਰ ਸ਼ੁਰੂ ਕੀਤਾ ਹੈ। ਇਥੇ ਦੱਸ ਦੇਈਏ ਕਿ ਸੀ. ਬੀ. ਐੱਸ. ਈ. ਅਤੇ ਸੀ. ਆਈ. ਐੱਸ. ਸੀ. ਈ. ਪਹਿਲਾਂ ਹੀ ਆਪਣੇ ਸਿਲੇਬਸ 'ਚ 30 ਫ਼ੀਸਦੀ ਤੱਕ ਦੀ ਕਟੌਤੀ ਕਰ ਚੁੱਕੇ ਹਨ। ਇਸ ਦੇ ਬਾਅਦ ਹੀ ਦੇਸ਼ ਦੇ ਹੋਰ ਸੂਬਾ ਬੋਰਡਾਂ ਨੇ ਵੀ ਆਪਣੇ ਬੋਰਡ ਕਲਾਸਾਂ ਦੇ ਸਿਲੇਬਸ 'ਚ ਕਟੌਤੀ ਕੀਤੀ ਸੀ।