Friday, November 22, 2024
 

ਚੰਡੀਗੜ੍ਹ / ਮੋਹਾਲੀ

ਰਿਜ਼ਰਵ ਬੈਂਕ ਵੱਲੋਂ ਝੋਨੇ ਦੀ ਖਰੀਦ ਵਾਸਤੇ ਸੀਸੀਐਲ ਦੇ 30,220 ਕਰੋੜ ਰੁਪਏ ਮਨਜ਼ੂਰ

October 07, 2020 10:01 PM
ਚੰਡੀਗੜ੍ਹ :  ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬੁੱਧਵਾਰ ਨੂੰ ਸਾਉਣੀ ਖਰੀਦ ਸੀਜ਼ਨ 2020-21 ਦੇ ਅਕਤੂਬਰ ਮਹੀਨੇ ਲਈ ਝੋਨੇ ਦੀ ਖਰੀਦ ਵਾਸਤੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੇ 30, 220 ਕਰੋੜ ਰੁਪਏ ਮਨਜ਼ੂਰ ਕਰਨ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹੁਣ ਤੱਕ ਖਰੀਦੀ ਜਾ ਚੁੱਕੀ ਫਸਲ ਲਈ ਕਿਸਾਨਾਂ ਨੂੰ 24 ਘੰਟੇ ਦੇ ਅੰਦਰ ਅਦਾਇਗੀ ਕਰਨ ਦੇ ਆਦੇਸ਼ ਦਿੱਤੇ ਹਨ। 
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੂਰੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਲਈ ਸੀ.ਸੀ.ਐਲ. ਦੇ ਕੁੱਲ ਅਨੁਮਾਨਤ 35, 552 ਕਰੋੜ ਰੁਪਏ ਦੀ ਲੋੜ ਹੈ ਜਿਸ ਵਿੱਚੋਂ 30220.82 ਕਰੋੜ ਰੁਪਏ ਜਾਰੀ ਹੋ ਗਏ ਹਨ ਅਤੇ ਬਾਕੀ ਬਚਦੀ ਰਾਸ਼ੀ ਨਵੰਬਰ ਮਹੀਨੇ ਲਈ ਪ੍ਰਵਾਨ ਕੀਤੀ ਜਾਣ ਵਾਲੀ CCL ਮੌਕੇ ਇਸ ਮਹੀਨੇ ਦੇ ਅੰਤ ਵਿੱਚ ਰਾਸ਼ੀ ਨੂੰ ਸੋਧਣ ਦੇ ਨਿਰਧਾਰਤ ਪੈਮਾਨੇ ਤਹਿਤ ਜਾਰੀ ਕੀਤੀ ਜਾਵੇਗੀ। ਖਰੀਦ ਦੀ ਪ੍ਰਗਤੀ ’ਤੇ ਤਸੱਲੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਫਸਲ ਛੇਤੀ ਚੁੱਕਣ ਅਤੇ ਖਰੀਦ ਦੇ 72 ਘੰਟਿਆਂ ਦੇ ਤੈਅ ਸਮੇਂ ਅੰਦਰ ਅਦਾਇਗੀ ਕਰਨ ਲਈ ਆਖਿਆ ਹੈ। 
ਮੁੱਖ ਮੰਤਰੀ ਨੇ ਹੁਣ ਤੱਕ ਵੱਖ-ਵੱਖ ਏਜੰਸੀਆਂ ਵੱਲੋਂ 15.6 ਲੱਖ ਮੀਟਰਿਕ ਟਨ ਝੋਨਾ ਖਰੀਦਣ ਉਤੇ ਸੰਤੁਸ਼ਟੀ ਜ਼ਾਹਰ ਕੀਤੀ। ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਹੇਠ 27.36 ਲੱਖ ਹੈਕਟੇਅਰ ਰਕਬਾ ਹੈ ਅਤੇ 27 ਸਤੰਬਰ ਨੂੰ ਸ਼ੁਰੂ ਹੋਈ ਝੋਨੇ ਦੀ ਖਰੀਦ ਤੋਂ ਲੈ ਕੇ ਸਮੁੱਚੇ ਸੀਜ਼ਨ ਦੌਰਾਨ 171 ਲੱਖ ਮੀਟਰਿਕ ਟਨ ਖਰੀਦ ਕਰਨ ਦਾ ਟੀਚਾ ਹੈ। ਸੂਬਾ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਨਿਰਵਿਘਨ ਤੇ ਸੁਰੱਖਿਅਤ ਖਰੀਦ ਲਈ ਢੁੱਕਵੇਂ ਬੰਦੋਬਸਤ ਕੀਤੇ ਗਏ ਹਨ। ਮੰਡੀ ਬੋਰਡ ਨੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕਰਨ ਲਈ ਪਹਿਲਾਂ ਹੀ 4000 ਖਰੀਦ ਕੇਂਦਰ ਨੋਟੀਫਾਈ ਕੀਤੇ ਹੋਏ ਹਨ ਤਾਂ ਕਿ ਕੋਵਿਡ ਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਨੂੰ ਸਖਤੀ ਨਾਲ ਯਕੀਨੀ ਬਣਾਇਆ ਜਾ ਸਕੇ।
 

Have something to say? Post your comment

Subscribe