ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬਾ ਪੱਧਰ ਦੀ ਕੌਮੀ ਯੋਗਤਾ ਖੋਜ ਪ੍ਰੀਖਿਆ (ਐਨ.ਟੀ.ਸੀ.ਈ., ਸਟੇਜ-1) ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ 13 ਦਸੰਬਰ ਨੂੰ ਹੋਵੇਗੀ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਡਾਇਰੈਕਟਰ ਸਟੇਟ ਕੌਂਸਲ ਫਾਰ ਐਜੂਕੇਸ਼ਨ ਰੀਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ) ਵੱਲੋਂ ਸਾਲ 2020-21 ਵਾਸਤੇ ਲਈ ਜਾਣ ਵਾਲੀ ਇਸ ਪ੍ਰੀਖਿਆ ਲਈ ਵਿਸਤ੍ਰਤ ਰੂਪ ਰੇਖਾ ਤਿਆਰ ਕੀਤੀ ਗਈ ਹੈ।
ਇਹ ਪ੍ਰੀਖਿਆ ਦਸਵੀਂ ਵਿੱਚ ਪੜ੍ਹਦੇ ਬੱਚੇ ਦੇ ਸਕਦੇ ਹਨ। ਇਹ ਪ੍ਰੀਖਿਆ ਦੇਣ ਲਈ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਵਿਕਲਾਂਗ ਵਿਦਿਆਰਥੀਆਂ ਦੇ ਨੌਵੀਂ ਜਮਾਤ ਵਿੱਚੋਂ 55 ਫ਼ੀਸਦੀ ਅਤੇ ਹੋਰਨਾਂ ਸ੍ਰੇਣੀਆਂ ਦੇ 70 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਬੁਲਾਰੇ ਅਨੁਸਾਰ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵੱਲੋਂ ਲਈ ਜਾਣ ਵਾਲੀ ਸਟੇਜ-2 ਦੀ ਪ੍ਰੀਖਿਆ ਪਾਸ ਕਰਨ ਵਾਲੇ ਲਗਪਗ ਦੋ ਹਜ਼ਾਰ ਵਿਦਿਆਰਥੀਆਂ ਨੂੰ ਐਨ.ਸੀ.ਈ.ਆਰ.ਟੀ. ਵੱਲੋਂ ਵਜੀਫ਼ਾ ਦਿੱਤਾ ਜਾਵੇਗਾ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਇਹ ਵਜੀਫਾ 1250 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਹੋਰਨਾਂ ਕਲਾਸਾਂ ਲਈ ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ ਮਿਲੇਗਾ। ਇਸ ਵਜੀਫ਼ੇ ਲਈ ਕੇਂਦਰ ਸਰਕਾਰ ਦੀ ਰਾਖਵਾਂਕਰਨ ਦੀ ਨੀਤੀ ਅਨੁਸਾਰ ਰਾਖਵਾਂਕਰਨ ਹੋਵੇਗਾ।
ਬੁਲਾਰੇ ਅਨੁਸਾਰ ਇਸ ਪ੍ਰਖਿਆ ਲਈ ਦਾਖਲਾ 8 ਅਕਤੂਬਰ ਤੋਂ ਭਰਿਆ ਜਾ ਸਕੇਗਾ ਅਤੇ ਦਾਖਲਾ ਭਰਨ ਲਈ ਆਖਰੀ ਤਰੀਕ 2 ਨਵੰਬਰ ਹੋਵੇਗੀ। ਐਡਮਿਟ ਕਾਰਡ ਪਹਿਲੀ ਦਸੰਬਰ ਨੂੰ ਡਾਊਨਲੋਡ ਕੀਤੇ ਜਾ ਸਕਣਗੇ। ਇਸ ਇਮਤਿਹਾਨ ਵਿੱਚ ਮਲਟੀਪਲ ਚੁਆਇਸ 200 ਸਵਾਲ ਪੁੱਛੇ ਜਾਣਗੇ ਅਤੇ ਹਰੇਕ ਸਵਾਲ ਇੱਕ ਨੰਬਰ ਦਾ ਹੋਵੇਗਾ। ਇਨ੍ਹਾਂ ਵਿੱਚੋਂ 100 ਸਵਾਲ ਮਾਨਸਿਕ ਯੋਗਤਾ ਅਤੇ 100 ਵਿਸ਼ਿਆਂ ਨਾਲ ਸਬੰਧਿਤ ਹੋਣਗੇ। ਇਹ ਪੇਪਰ ਅੰਗਰੇਜ਼ ਅਤੇ ਪੰਜਾਬੀ ਮਾਧੀਅਮਾਂ ਵਿੱਚ ਹੋਵੇਗਾ।