ਮੁਹਾਲੀ : ਜੈਵਿਕ ਚੱਕਰ ਨੂੰ ਬਰਕਰਾਰ ਰੱਖਣ ਲਈ ਜੰਗਲੀ ਜੀਵ ਸੁਰੱਖਿਆ ਅਤੇ ਵਿਕਾਸ ਨਾਲ ਨਾਲ ਚੱਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਮੰਤਰੀ ਨੇ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣ ਲਈ ਛੱਤਬੀੜ ਚਿੜੀਆਘਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣਾ ਜੰਗਲੀ ਜੀਵ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਸਾਡੇ ਸਦਾਚਾਰ ਵਿੱਚ ਸਮਾਈ ਹੋਈ ਹੈ ਅਤੇ ਇਹ ਸਾਡੀ ਪਰੰਪਰਾ ਅਤੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਛੱਤਬੀੜ ਚਿੜੀਆਘਰ ਸਬੰਧੀ ਤਿਆਰ ਕੀਤੀ ਗਏ ਡਾਕੂਮੈਂਟਰੀ ਦੇ ਟੀਜ਼ਰ ਨੂੰ ਜਾਰੀ ਕਰਦਿਆਂ ਮੰਤਰੀ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ ਅਤੇ ਇਹ ਚਿੜੀਆਘਰ ਵਰਲਡ ਐਸੋਸੀਏਸ਼ਨ ਆਫ਼ ਜ਼ੂਜ ਐਂਡ ਐਕੁਏਰੀਅਮਜ਼ (ਵਾਜ਼ਾ) ਦੀ ਮੈਂਬਰਸ਼ਿਪ ਵੀ ਹਾਸਲ ਕਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਚਿੜੀਆਘਰ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਕੰਮ ਜਾਰੀ ਹੈ ਅਤੇ ਜਲਦ ਹੀ ਆਮ ਜਨਤਾ ਲਈ ਡਾਇਨਾਸੌਰ ਪਾਰਕ ਅਤੇ ਫੂਡ ਪਲਾਜ਼ਾ ਖੋਲ੍ਹਿਆ ਜਾਵੇਗਾ। ਮੰਤਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਵੱਧ ਤੋਂ ਵੱਧ ਵੈਟਲੈਂਡ ਰਾਮਸਰ ਸਾਈਟਾਂ ਰੱਖਣ ਲਈ ਪੰਜਾਬ ਦੇਸ਼ ਵਿਚ ਦੂਜੇ ਸਥਾਨ ‘ਤੇ ਹੈ। ਪੰਜਾਬ ਕੋਲ 6 ਸਾਇਟਾਂ ਹਨ ਜਦਕਿ ਉੱਤਰ ਪ੍ਰਦੇਸ਼ ਕੋਲ 7 ਸਾਇਟਾਂ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਸਿਰਫ ਤਿੰਨ ਸਾਈਟਾਂ ਸਨ ਪਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਾਲ 2019 ਵਿਚ ਤਿੰਨ ਹੋਰ ਸਾਇਟਾਂ ਕੇਸ਼ੋਪੁਰ, ਨੰਗਲ ਵੈਟਲੈਂਡ ਅਤੇ ਬਿਆਸ ਦਰਿਆ ਪ੍ਰਣਾਲੀ ਨੂੰ ਵੈੱਟਲੈਂਡ ਰਾਮਸਰ ਸਾਈਟਾਂ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਛੇਤੀ ਹੀ ਬਾਘ ਅਤੇ ਰਿੱਛਾਂ ਦੀਆਂ ਨਵੀਆਂ ਕਿਸਮਾਂ ਛੱਤਬੀੜ ਚਿੜੀਆਘਰ ਵਿੱਚ ਲਿਆਂਦੀਆਂ ਜਾਣਗੀਆਂ। ਪਿਛਲੇ ਸਾਲ ਬਿਆਸ ਵਿੱਚ ਸਫਲਤਾਪੂਰਵਕ ਘੜਿਆਲ ਛੱਡਣ ਤੋਂ ਬਾਅਦ, ਸਾਲ ਦੇ ਅੰਤ ਤੱਕ ਪਾਣੀ ਦਾ ਪੱਧਰ ਘਟਣ ਉਪਰੰਤ, ਬਿਆਸ ਦਰਿਆ ਵਿੱਚ 25 ਤੋਂ 30 ਹੋਰ ਘੜਿਆਲ ਛੱਡੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਚੀਫ਼ ਕਨਜ਼ਰਵੇਟਰ ਜਤਿੰਦਰ ਸ਼ਰਮਾ, ਏ.ਸੀ.ਐਸ. ਜੰਗਲਾਤ ਰਵਨੀਤ ਕੌਰ, ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਆਰ.ਕੇ. ਮਿਸ਼ਰਾ, ਡਾਇਰੈਕਟਰ ਛੱਤਬੀੜ ਚਿੜੀਆਘਰ ਸੌਦਾਗਰ ਆਈ.ਏ.ਐਸ ਨੇ ਸੰਬੋਧਨ ਕੀਤਾ। ਇਸ ਮੌਕੇ ਮੰਤਰੀ ਨੇ ਜੰਗਲੀ ਜੀਵ ਸੁਰੱਖਿਆ ਲਈ ਕੰਮ ਕਰ ਰਹੇ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਦਾ ਸਨਮਾਨ ਵੀ ਕੀਤਾ।