ਕੈਨਬਰਾ : ਆਸਟ੍ਰੇਲੀਆ ਦੇ ਇਕ ਥਿੰਕਟੈਂਕ ਦਾ ਮਨਣਾ ਹੈ ਕਿ ਚੀਨ ਸ਼ਿਨਜਿਆਂਗ 'ਚ ਗੁਪਤ ਹਿਰਾਸਤ ਕੇਂਦਰਾਂ ਦੀ ਗਿਣਤੀ ਵਧਾ ਰਿਹਾ ਹੈ। ਥਿੰਕਟੈਂਕ ਆਸਟ੍ਰੇਲੀਆ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ (ASPI) ਨੇ ਸੈੱਟਲਾਈਟ ਤਸਵੀਰਾਂ ਦੇ ਆਧਾਰ 'ਤੇ ਚੀਨ ਦੇ ਸ਼ਿਨਜਿਆਂਗ ਸੂਬੇ 'ਚ 380 ਤੋਂ ਜ਼ਿਆਦਾ ਹਿਰਾਸਤ ਕੇਂਦਰਾਂ ਦਾ ਪਤਾ ਲਗਾਇਆ ਹੈ। ਇਸ ਦਾ ਕਹਿਣਾ ਹਾਲੀਆ ਸਾਲਾਂ 'ਚ ਅਜਿਹੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ ਕਿ ਚੀਨ ਨੇ ਅਪਣੇ ਇਸ ਉਤਰ-ਪਛਮੀ ਸੂਬੇ 'ਚ 10 ਲੱਖ ਤੋਂ ਜ਼ਿਆਦਾ ਉਈਗਰ ਮੁਸਲਮਾਨਾਂ ਤੇ ਦੂਜੇ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ ਨੂੰ ਹਿਰਾਸਤ ਕੇਂਦਰਾਂ 'ਚ ਬੰਦ ਕੀਤਾ ਹੋਇਆ ਹੈ। ਹਾਲਾਂਕਿ ਚੀਨ ਇਨ੍ਹਾਂ ਨੂੰ ਕਾਰੋਬਾਰੀ ਸਿਖਲਾਈ ਕੇਂਦਰ ਕਰਾਰ ਦਿੰਦਾ ਹੈ।
ਏ.ਐਸ.ਪੀ.ਆਈ ਨੇ ਸੈੱਟਲਾਈਟ ਤਸਵੀਰਾਂ ਤੇ ਨਿਰਮਾਣ ਸਬੰਧੀ ਟੈਂਡਰ ਦਸਤਾਵੇਜ਼ਾਂ ਦੇ ਜ਼ਰੀਏ ਉਈਗਰ ਮੁਸਲਮਾਨ ਬਹੁਗਿਣਤੀ ਵਾਲੇ ਸ਼ਿਨਜਿਆਂਗ 'ਚ 380 ਤੋਂ ਜ਼ਿਆਦਾ ਹਿਰਾਸਤ ਕੇਂਦਰਾਂ ਦਾ ਪਤਾ ਲਗਾਇਆ ਹੈ। ਇਨ੍ਹਾਂ ਦਾ ਨਿਰਮਾਣ ਹਾਲ ਹੀ 'ਚ ਕੀਤਾ ਗਿਆ ਜਾਂ 2017 ਦੇ ਬਾਅਦ ਵਿਸਥਾਰ ਕੀਤਾ ਗਿਆ। ਇਹ ਰੀਪੋਰਟ ਉਨ੍ਹਾਂ ਸਬੂਤਾਂ 'ਤੇ ਆਧਾਰਤ 'ਤੇ ਹੈ ਕਿ ਚੀਨ ਨੇ ਆਰਜ਼ੀ ਜਨਤਕ ਇਮਾਰਤਾਂ 'ਚ ਉਈਗਰਾਂ ਤੇ ਦੂਜੀਆਂ ਮੁਸਲਮਾਨ ਘੱਟ ਗਿਣਤੀਆਂ ਨੂੰ ਨਜ਼ਰਬੰਦ ਕਰਨ ਦੀ ਅਪਣੀ ਨੀਤੀ 'ਚ ਬਦਲਾਅ ਕੀਤਾ ਹੈ।
ਨਵੀਂ ਨੀਤੀ ਤਹਿਤ ਇਨ੍ਹਾਂ ਲੋਕਾਂ ਨੂੰ ਸਥਾਈ ਸਮੂਹਿਕ ਹਿਰਾਸਤ ਕੇਂਦਰਾਂ 'ਚ ਰਖਿਆ ਜਾ ਰਿਹਾ ਹੈ। ਇੰਸਟੀਚਿਊਟ ਦੇ ਖੋਜਕਰਤਾ ਨਾਥਨ ਰੂਸਨ ਨੇ ਰੀਪੋਰਟ 'ਚ ਲਿਖਿਆ, 'ਸਬੂਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਸ਼ਿਨਜਿਆਂਗ 'ਚ ਇਨ੍ਹਾਂ ਥਾਵਾਂ 'ਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਹੁਣ ਰਸਮੀ ਤੌਰ 'ਤੇ ਮੁਲਜ਼ਮ ਬਣਾਇਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਉੱਚ ਸੁਰੱਖਿਆ ਵਾਲੇ ਕੇਂਦਰਾਂ 'ਚ ਭੇਜਿਆ ਜਾ ਰਿਹਾ ਹੈ। ਇਨ੍ਹਾਂ 'ਚੋਂ ਕਈ ਨਵੇਂ ਬਣੇ ਜਾਂ ਵਿਸਥਾਰਤ ਹਿਰਾਸਤ ਕੇਂਦਰ ਹਨ।' ਰੀਪੋਰਟ ਮੁਤਾਬਕ ਜੁਲਾਈ ਤਕ 61 ਹਿਰਾਸਤ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਜਾਂ ਇਨ੍ਹਾਂ ਦਾ ਵਿਸਥਾਰ ਕੀਤਾ ਗਿਆ।