Friday, November 22, 2024
 

ਚੰਡੀਗੜ੍ਹ / ਮੋਹਾਲੀ

ਅਕਾਲੀ ਲੀਡਰਸ਼ਿਪ ਤਾਂ ਅਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਉਹੀ ਸਟੈਂਡ ਲੈਂਦੇ ਹਨ ਜੋ ਉਨ੍ਹਾਂ ਨੂੰ ਸੂਤ ਬੈਠਦਾ ਹੈ : ਤਿਵਾੜੀ

September 18, 2020 08:03 AM

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀਆਂ ਸਮੇਤ ਪੰਜਾਬ ਕਾਂਗਰਸ ਦੇ ਸਮੂਹ ਨੇ ਕਿਸਾਨਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਬਾਅਦ ਹੁਣ ਲੋਕਾਂ ਦਾ ਧਿਆਨ ਹਟਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਕਰੜੀ ਆਲੋਚਨਾ ਕੀਤੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਉਲਟ ਕਾਂਗਰਸ ਪਾਰਟੀ ਖੇਤੀ ਬਿਲਾਂ ਦੇ ਮੁੱਦੇ 'ਤੇ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਉਸ ਨੂੰ ਸੂਬੇ ਦੇ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲੇ ਕੇਂਦਰ ਸਰਕਾਰ ਦੇ ਅਤਿ ਨਿੰਦਣਯੋਗ ਕਾਰੇ ਵਿਰੁਧ ਵੋਟਾਂ ਵਾਸਤੇ ਵਿੱਪ੍ਹ ਜਾਰੀ ਕਰਨ ਦੀ ਲੋੜ ਨਹੀਂ ਹੈ।

ਕੇਂਦਰ ਸਰਕਾਰ ਦੇ ਅਤਿ ਨਿੰਦਣਯੋਗ ਕਾਰੇ ਵਿਰੁਧ ਵੋਟਾਂ ਵਾਸਤੇ ਵਿੱਪ੍ਹ ਜਾਰੀ ਕਰਨ ਦੀ ਲੋੜ ਨਹੀਂ

ਅਕਾਲੀ ਦਲ ਦੇ ਸੰਸਦ ਮੈਂਬਰਾਂ ਦਿਸ਼ਾਹੀਣ ਹਨ : ਤਿਵਾੜੀ

ਇਹ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਬਿਆਨ 'ਤੇ ਪ੍ਰਤੀਕ੍ਰਿਆ ਜ਼ਾਹਰ ਕਰ ਰਹੇ ਸਨ ਜਿਸ ਵਿਚ ਉਨ੍ਹਾਂ ਨੇ ਬੀਤੇ ਦਿਨ ਕਿਹਾ ਸੀ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਵਫ਼ਦ ਵਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੀ ਬਜਾਏ ਅਪਣੇ ਸੰਸਦ ਮੈਂਬਰਾਂ ਨੂੰ ਕਿਸਾਨ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਖੇਤੀ ਆਰਡੀਨੈਂਸਾਂ ਵਿਰੁਧ ਵੋਟ ਪਾਉਣ ਲਈ ਕਿਹਾ ਜਾਵੇ। ਸ਼੍ਰੀ ਮਨੀਸ਼ ਤਿਵਾੜੀ, ਜੋ ਖੁਦ ਸੰਸਦ ਮੈਂਬਰ ਹਨ, ਨੇ ਕਿਹਾ, ''ਕਾਂਗਰਸ ਦੇ ਸੰਸਦ ਮੈਂਬਰ ਤਾਂ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਇਨ੍ਹਾਂ ਘਾਤਕ ਖੇਤੀ ਆਰਡੀਨੈਂਸਾਂ ਵਿਰੁਧ ਲੜਾਈ ਲੜ ਰਹੇ ਹਨ ਅਤੇ ਉਹ ਇਹ ਜਾਣਦੇ ਹਨ ਕਿ ਵੋਟਾਂ ਕਿਵੇਂ ਪਾਉਣੀਆਂ ਹਨ, ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੂੰ ਅਪਣੀ ਲੀਡਰਸ਼ਿਪ ਪਾਸੋਂ ਕੋਈ ਸਪੱਸ਼ਟ ਨਿਰਦੇਸ਼ ਨਾ ਮਿਲਣ ਕਰ ਕੇ ਦਿਸ਼ਾਹੀਣ ਹਨ। ਅਕਾਲੀ ਲੀਡਰਸ਼ਿਪ ਤਾਂ ਅਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਉਹੀ ਸਟੈਂਡ ਲੈਂਦੇ ਹਨ ਜੋ ਉਨ੍ਹਾਂ ਨੂੰ ਸੂਤ ਬੈਠਦਾ ਹੈ। ਇਹ ਪ੍ਰਤੀਕਿਆ ਜ਼ਾਹਰ ਕਰਨ ਵਿਚ ਸ਼੍ਰੀ ਤਿਵਾੜੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਨ ਆਸ਼ੂ ਵੀ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਇਕ ਬਿਆਨ ਵਿਚ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਜਿਸ ਵਿਚ ਅਕਾਲੀ ਵੀ ਢੀਠਤਾਈ ਨਾਲ ਭਾਈਵਾਲ ਬਣੇ ਹੋਏ ਹਨ, ਨੇ ਜ਼ੁਬਾਨੀ ਵੋਟਾਂ ਰਾਹੀਂ ਸਦਨ ਵਿਚ ਬਹੁਮਤ ਦੀ ਧੌਂਸ ਨਾਲ ਬਿੱਲ ਪਾਸ ਕਰ ਦਿਤੇ ਜਿਨ੍ਹਾਂ ਵਿਰੁਧ ਪੰਜਾਬ ਦੇ ਹੀ ਨਹੀਂ ਸਗੋਂ ਮੁਲਕ ਭਰ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ।
ਸੀਨੀਅਰ ਆਗੂਆਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਖੇਤੀ ਆਰਡੀਨੈਂਸਾਂ ਬਾਰੇ ਪਾਰਟੀ ਵਲੋਂ ਲਏ ਸਟੈਂਡ ਸਬੰਧੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਵਿਚ ਹਾਈ ਕਮਾਨ ਸਮੇਤ ਲੀਡਰਸ਼ਿਪ ਨੇ ਪਹਿਲਾਂ ਹੀ ਸਪੱਸ਼ਟ ਹਦਾਇਤਾਂ ਦਿਤੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਅਕਾਲੀਆਂ ਨੇ ਇਨ੍ਹਾਂ ਆਰਡੀਨੈਂਸਾਂ ਦੀ ਸ਼ੁਰੂਆਤ ਵੇਲੇ ਖੁਲ੍ਹੇਆਮ ਅਤੇ ਸਪੱਸ਼ਟ ਤੌਰ 'ਤੇ ਸਮਰਥਨ ਕੀਤਾ ਸੀ। ਪਾਰਟੀ ਨੇਤਾਵਾਂ ਨੇ ਕਿਹਾ, ''ਉਨ੍ਹਾਂ ਨੂੰ ਇਸ ਮੁੱਦੇ 'ਤੇ ਨਵੇਂ ਨਿਰਦੇਸ਼ਾਂ ਦੀ ਲੋੜ ਕਿਉਂ ਪਵੇਗੀ, ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੇ ਸਟੈਂਡ ਵਿਚ ਹੀ ਕੋਈ ਤਬਦੀਲੀ ਨਹੀਂ ਆਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੈਰ-ਪੈਰ 'ਤੇ ਸਟੈਂਡ ਬਦਲ ਰਹੇ ਹਨ?''

 

Have something to say? Post your comment

Subscribe