ਬੀਜਿੰਗ : ਚੀਨ ਦੇ ਇਕ ਗ਼ੈਰ-ਸਰਕਾਰੀ ਸੰਗਠਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਝੀਲ ਵਿਚ ਡੁੱਬ ਗਏ ਇਕ ਅਮਰੀਕੀ ਲੜਾਕੂ ਜਹਾਜ਼ ਦੇ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਹੈ। ਇਸ ਜਹਾਜ਼ ਨੂੰ 'ਦ ਫਲਾਇੰਗ ਟਾਈਗਰਸ ਗਰੁੱਪ' ਦੇ ਪਾਇਲਟ ਉਡਾ ਰਹੇ ਸਨ।
ਦੂਜੇ ਵਿਸ਼ਵ ਯੁੱਧ ਦੌਰਾਨ ਹੋਇਆ ਸੀ ਹਾਦਸਾ
ਦਰਅਸਲ, ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਨੇ ਚੀਨ 'ਤੇ ਹਮਲਾ ਕਰ ਦਿੱਤਾ ਸੀ। ਜਾਪਾਨ ਦਾ ਵੱਧਦਾ ਪ੍ਰਭਾਵ ਦੇਖ ਕੇ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਨੇ 'ਦ ਫਲਾਇੰਗ ਟਾਈਗਰਸ ਗਰੁੱਪ' ਨੂੰ ਚੀਨ ਭੇਜਿਆ। ਫਲਾਇੰਗ ਟਾਈਗਰਸ ਦਸੰਬਰ 1941 ਤੋਂ ਲੈ ਕੇ ਤਦ ਤਕ ਜਾਪਾਨ ਦੇ ਫ਼ੌਜੀਆਂ ਨਾਲ ਲੋਹਾ ਲੈਂਦਾ ਰਿਹਾ ਜਦੋਂ ਤਕ ਉਨ੍ਹਾਂ ਨੇ ਆਤਮ-ਸਮਰਪਣ ਨਹੀਂ ਕਰ ਦਿਤਾ। ਇਸ ਦੌਰਾਨ ਮੁਹਿੰਮ 'ਚ ਲੱਗੇ ਕਰਟਿਸ ਪੀ-40 ਜਹਾਜ਼ 1942 ਵਿਚ ਦੱਖਣੀ ਪੱਛਮੀ ਸ਼ਹਿਰ ਕੁਨਸਿੰਗ ਕੋਲ ਦਿਯਾਂਚੀ ਝੀਲ ਵਿਚ ਕਰੈਸ਼ ਹੋ ਗਿਆ। ਇਸੇ ਸ਼ਹਿਰ ਵਿਚ 'ਦ ਫਲਾਇੰਗ ਟਾਈਗਰਸ' ਦਾ ਅੱਡਾ ਸੀ। ਚਾਈਨਾ ਐਡਵੈਂਚਰ ਐਸੋਸੀਏਸ਼ਨ ਦੇ ਨਾਵ ਬੋ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੀ-40 ਜਹਾਜ਼ ਦੇ ਮਲਬੇ ਨੂੰ ਕੱਢਣ ਦੀ ਯੋਜਨਾ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਠੰਢੇ ਪਏ ਰਿਸ਼ਤਿਆਂ ਵਿਚ ਇਕ ਵਾਰ ਫਿਰ ਗਰਮਾਹਟ ਆਵੇਗੀ।
ਚੀਨ ਦੇ ਮਿਸ਼ਨ ਦੌਰਾਨ 'ਦ ਫਲਾਇੰਗ ਟਾਈਗਰਸ' ਨੇ 300 ਜਾਪਾਨੀ ਜਹਾਜ਼ਾਂ ਨੂੰ ਡੇਗ ਦਿਤਾ ਸੀ ਜਦਕਿ ਉਸ ਦੇ 14 ਪਾਇਲਟ ਇਸ ਦੌਰਾਨ ਸ਼ਹੀਦ ਹੋਏ ਸਨ। ਪੀ-40 ਜਹਾਜ਼ਾਂ ਨੂੰ ਤਾਇਨਾਤ ਕੀਤੇ ਜਾਣ ਤੋਂ ਪਹਿਲੇ ਜਾਪਾਨ ਦੇ ਜਹਾਜ਼ਾਂ ਨੂੰ ਚੀਨ ਵਿਚ ਬੜ੍ਹਤ ਹਾਸਲ ਸੀ। ਜਹਾਜ਼ ਕਰੈਸ਼ ਹੋਣ ਪਿੱਛੋਂ ਪਾਇਲਟ ਜਾਨ ਬਲੇਕਬਰਨ ਦੀ ਲਾਸ਼ ਮਿਲੀ ਸੀ ਅਤੇ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ। ਹਾਨ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਸਾਲ 2005 ਵਿਚ ਚੁੰਬਕੀ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਮਲਬੇ ਨੂੰ ਲੱਭ ਲਿਆ ਪ੍ਰੰਤੂ ਇਸ ਨੂੰ ਗਾਰ ਵਿਚੋਂ ਬਾਹਰ ਨਹੀਂ ਕੱਢ ਸਕੇ ਸਨ।