ਟੋਕੀਓ : ਜਪਾਨ ਵਿਚ ਰਹਿੰਦੇ ਮੰਗੋਲੀਆਈ ਨਾਗਰਿਕਾਂ ਨੇ ਚੀਨ ਦੀ ਨਵੀਂ ਸਿਖਿਆ ਨੀਤੀ ਅਤੇ ਸਥਾਨਕ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਹਟਾਉਣ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਰਾਜਧਾਨੀ ਟੋਕਿਓ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਰਾਜਧਾਨੀ ਟੋਕਿਓ ਵਿਚ ਚੀਨੀ ਦੂਤਘਰ ਦੇ ਬਾਹਰ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਬੈਸੀ ਦੇ ਬਾਹਰ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਤਕਰੀਬਨ 20 ਲੋਕ ਸ਼ਾਮਲ ਹੋਏ। ਇਨ੍ਹਾਂ ਨਾਗਰਿਕਾਂ ਨੇ ਉੱਤਰੀ ਚੀਨ ਦੇ ਇਕ ਖੁਦਮੁਖਤਿਆਰੀ ਖੇਤਰ, ਇਨਰ ਮੰਗੋਲੀਆ ਵਿਚ ਮੰਦਾਰਿਨ ਭਾਸ਼ਾ ਨੂੰ ਉਤਸ਼ਾਹਤ ਕਰਨ 'ਤੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਜ਼ਬਰਦਸਤੀ ਇਸ ਖੇਤਰ ਵਿਚ ਅਪਣੀ ਭਾਸ਼ਾ ਵਿਚ ਸਿਖਿਆ ਨੂੰ ਥੋਪ ਰਿਹਾ ਹੈ। ਇਨਰ ਮੰਗੋਲੀਆ ਚੀਨ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਜ਼ਾਰਾਂ ਵਿਦਿਆਰਥੀ ਬੀਜਿੰਗ ਵਿਰੁਧ ਅਪਣਾ ਗੁੱਸਾ ਜ਼ਾਹਰ ਕਰਨ ਲਈ ਸੜਕਾਂ 'ਤੇ ਉਤਰ ਆਏ ਸਨ। ਚੀਨ ਇਸ ਖੇਤਰ ਵਿਚ ਅਪਣੀ ਨਵੀਂ ਸਿਖਿਆ ਨੀਤੀ ਰਾਹੀਂ ਸਥਾਨਕ ਭਾਸ਼ਾ ਦੀਆਂ ਕਿਤਾਬਾਂ ਨੂੰ ਹਟਾਉਣ ਦੀ ਤਿਆਰੀ ਵਿਚ ਹੈ। ਖੇਤਰ ਦੇ ਲੋਕਾਂ ਨੇ ਚੀਨ ਵਿਰੁਧ ਵਿਰੋਧ ਪ੍ਰਦਰਸ਼ਨ ਕਰ ਕੇ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰ ਕਰ ਦਿਤਾ ਹੈ।