ਟੋਰਾਂਟੋ : ਕੈਨੇਡਾ ਨੇ ਭਾਰਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਆਵਾਜ਼ੀ ਬਹਾਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਭਾਰਤ ਨਾਲ ਹਵਾਈ ਸਮਝੌਤਾ ਕੀਤਾ ਹੈ ਜਿਸ ਤੋਂ ਬਾਅਦ ਉਡਾਣਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉੱਥੇ ਹੀ, ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਭੇਜੀਆਂ ਗਈਆਂ ਉਡਾਣਾਂ ਦੀ ਗਿਣਤੀ ਸਤੰਬਰ ਤਕ ਸੌ ਤੋਂ ਪਾਰ ਹੋ ਸਕਦੀ ਹੈ। ਇਸ ਦੇ ਨਾਲ ਹੀ ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ ਤਹਿਤ 24 ਅਕਤੂਬਰ ਤਕ ਟੋਰਾਂਟੋ ਤੇ ਵੈਨਕੁਵਰ ਅਤੇ ਭਾਰਤੀ ਸ਼ਹਿਰਾਂ ਵਿਚਕਾਰ 56 ਹੋਰ ਉਡਾਣਾਂ ਨੂੰ ਮਨਜ਼ੂਰੀ ਦਿਤੀ ਗਈ ਹੈ। ਭਾਰਤ ਤੇ ਕੈਨੇਡਾ ਵਿਚਕਾਰ ਅਗੱਸਤ ਮਹੀਨੇ ਏਅਰ ਬਬਲ ਸਮਝੌਤਾ ਹੋਇਆ ਸੀ ਅਤੇ ਏਅਰ ਇੰਡੀਆ ਤੇ ਏਅਰ ਕੈਨੇਡਾ ਨੂੰ ਇਕ-ਦੂਜੇ ਦੇ ਦੇਸ਼ਾਂ ਵਿਚ ਭੇਜਣ ਦੀ ਮਨਜ਼ੂਰੀ ਦਿਤੀ ਗਈ ਹੈ। ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਤੋਂ 13 ਹਜ਼ਾਰ ਤੋਂ ਵਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਸ ਵਿਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਕੈਨੇਡਾ ਵਿਚ ਵਾਪਸ ਪਰਤ ਰਹੇ ਲੋਕਾਂ ਲਈ 14 ਦਿਨ ਦਾ ਇਕਾਂਤਵਾਸ ਤੇ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਏਅਰ ਬਬਲ ਸਮਝੌਤੇ ਤਹਿਤ ਏਅਰ ਇੰਡੀਆ ਦਿੱਲੀ ਤੋਂ ਉਡਾਣਾਂ ਭਰੇਗੀ ਤੇ ਅੰਮ੍ਰਿਤਸਰ, ਕੋਚੀ, ਮੁੰਬਈ, ਅਹਿਮਦਾਬਾਦ, ਚੇਨੱਈ ਅਤੇ ਬੈਂਗਲੁਰੂ ਨੂੰ ਵੀ ਨਾਲ ਜੋੜੇਗੀ।