ਬੀਜਿੰਗ : ਚੀਨ ਵਿਚ ਕੋਰੋਨਾ ਵਾਇਰਸ ਪ੍ਰਕੋਪ ਦੇ ਸਿਖਰ ਦੌਰਾਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਅਧਖੜ ਉਮਰ ਦੀ ਇਕ ਉਈਗਰ ਮੁਸਲਮਾਨ ਔਰਤ ਨੇ ਹਵਾਲਾਤ ਦੀ ਭਿਆਨਕ ਕਹਾਣੀ ਦੱਸੀ ਹੈ। ਉਸ ਨਾਲ ਦਰਜਨਾਂ ਹੋਰ ਔਰਤਾਂ ਨੂੰ ਵੀ ਇਥੇ ਬੰਦ ਕੀਤਾ ਗਿਆ ਸੀ। ਉਸ ਨੇ ਦਸਿਆ ਕਿ ਉਥੇ ਉਸ ਨੂੰ ਇਕ ਦਵਾਈ ਪੀਣ ਲਈ ਮਜਬੂਰ ਕੀਤਾ ਗਿਆ ਜਿਸ ਨਾਲ ਕਮਜ਼ੋਰੀ ਅਤੇ ਉਲਟੀ ਮਹਿਸੂਸ ਹੋਣ ਲੱਗੀ।
ਸ਼ਿਨਜਿਆਂਗ ਸਰਕਾਰ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਗੈਰ ਪ੍ਰਮਾਣਤ ਦਵਾਈਆਂ ਖਾਣ ਲਈ ਕੀਤਾ ਮਜਬੂਰ
ਔਰਤ ਨੇ ਦਸਿਆ ਕਿ ਉਸ ਨੂੰ ਅਤੇ ਹੋਰ ਔਰਤਾਂ ਨੂੰ ਹਫ਼ਤੇ ਵਿਚ ਇਕ ਵਾਰ ਮੂੰਹ ਢੱਕ ਕੇ ਨਗਨ ਹੋਣਾ ਪੈਂਦਾ ਸੀ ਅਤੇ ਫਿਰ ਉਨ੍ਹਾਂ ਉਪਰ ਰੋਗਾਣੂ ਨਾਸ਼ਕ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਸੀ। ਸਜ਼ਾ ਦੇ ਡਰ ਤੋਂ ਨਾਮ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਸ਼ਿਨਜਿਆਂਗ ਦੀ ਇਸ ਔਰਤ ਨੇ ਅਪਣੇ ਜੀਵਨ ਦੇ ਇਸ ਭਿਆਨਕ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ''ਇਹ ਬੇਹਦ ਪੀੜ ਦੇਣ ਵਾਲਾ ਸੀ। ਉਸ ਨੇ ਕਿਹਾ ਕਿ ਮੇਰੇ ਹੱਥ ਖ਼ਰਾਬ ਹੋ ਗਏ, ਮੇਰੀ ਚਮੜੀ ਉਤਰਨ ਲੱਗੀ।'' ਉੱਤਰ-ਪੱਛਮੀ ਸ਼ਿਨਜਿਆਂਗ ਖੇਤਰ ਵਿਚ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖ਼ਤ ਕਦਮ ਚੁਕ ਰਹੀ ਹੈ ਜਿਸ ਵਿਚ ਲੋਕਾਂ ਨੂੰ ਘਰਾਂ ਵਿਚ ਬੰਦ ਕਰਨਾ, 40 ਦਿਨ ਦਾ ਇਕਾਂਤਵਾਸ ਅਤੇ ਇਸ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸ਼ਾਮਲ ਹੈ। ਸਰਕਾਰੀ ਨੋਟਿਸਾਂ, ਸੋਸ਼ਲ ਮੀਡੀਆ ਪੋਸਟ ਅਤੇ ਸ਼ਿਨਜਿਆਂਗ ਵਿਚ ਇਕਾਂਤਵਾਸ ਵਿਚ ਰਹਿ ਰਹੇ ਤਿੰਨ ਲੋਕਾਂ ਮੁਤਾਬਕ ਕੁਝ ਲੋਕਾਂ ਨੂੰ ਰਵਾਇਤੀ ਚੀਨੀ ਦਵਾਈ ਖਾਣ ਲਈ ਮਜਬੂਰ ਕੀਤਾ ਗਿਆ। ਮਾਹਰ ਇਸ ਨੂੰ ਸਿਹਤ ਨੈਤਿਕਤਾ ਦਾ ਉਲੰਘਣ ਦਸ ਰਹੇ ਹਨ। ਚੀਨੀ ਦਵਾਈ ਦੇ ਵਾਇਰਸ ਵਿਰੁਧ ਕੰਮ ਕਰਨ ਨੂੰ ਲੈ ਕੇ ਡਾਕਟਰੀ ਡਾਟਾ ਦੀ ਘਾਟ ਹੈ ਅਤੇ ਸ਼ਿਨਜਿਆਂਗ ਵਿਚ ਇਸਤੇਮਾਲ ਹੋਣ ਵਾਲੀ ਹਰਬਲ ਦਵਾਈ 'ਕਿੰਗਫ਼ੇਈ ਪਾਈਡ' ਵਿਚ ਅਜਿਹੀ ਸਮੱਗਰੀ ਹੈ ਜਿਸ ਵਿਚ ਜ਼ਹਿਰੀਲੇ ਅਤੇ ਕੈਂਸਰਕਾਰੀ ਪਾਦਰਥਾਂ ਦਾ ਜ਼ਿਆਦਾ ਪੱਧਰ ਹੋਣ ਕਾਰਨ ਜਰਮਨੀ, ਸਵਿਟਜ਼ਰਲੈਂਡ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਪਾਬੰਦੀ ਲਗਾਈ ਗਈ ਹੈ।