ਲੰਡਨ : ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ 2019 ਦੇ ਮੁਕਾਬਲੇ ਇਸ ਸਾਲ ਦੁੱਗਣੇ ਤੋਂ ਜ਼ਿਆਦਾ ਵੀਜ਼ੇ ਮਿਲੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਤੋਂ ਮਿਲੀ। ਭਾਰਤੀ ਵਿਦਿਆਰਥੀਆਂ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ। ਰਾਸ਼ਟਰੀ ਸੰਖਿਆ ਦਫਤਰ (ਓ. ਐੱਨ. ਐੱਸ.) ਨੇ ਪਾਇਆ ਕਿ ਬ੍ਰਿਟਿਸ਼ ਗ੍ਰਹਿ ਵਲੋਂ ਮਾਰਚ 2020 ਤੱਕ ਕੁੱਲ 2, 99, 023 ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਨ ਲਈ ਸਪਾਂਸਰ ਸਟੱਡੀ ਵੀਜ਼ਾ ਜਾਰੀ ਕੀਤੇ ਗਏ, ਜਿਨ੍ਹਾਂ ਵਿਚੋਂ 17 ਫੀਸਦੀ ਭਾਰਤੀ ਵਿਦਿਆਰਥੀ ਹਨ। ਭਾਵ ਕੁੱਲ 49, 844 ਭਾਰਤੀਆਂ ਨੂੰ ਵੀਜ਼ਾ ਮਿਲਿਆ, ਜੋ ਸਾਲ 2019 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ।
ਅੰਕੜਿਆਂ ਮੁਤਾਬਕ ਸਾਲ 2016 ਤੋਂ ਲਗਾਤਾਰ ਭਾਰਤੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਓ. ਐੱਨ. ਐੱਸ. ਦੇ ਅੰਕੜਿਆਂ ਮੁਤਾਬਕ ਕੁੱਲ ਸਟੱਡੀ ਵੀਜ਼ਾ ਦੇ ਸਭ ਤੋਂ ਵੱਧ 40 ਫੀਸਦੀ ਵੀਜ਼ਾ ਚੀਨੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ। ਇਸ ਦੇ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਵੀਜ਼ਾ ਜਾਰੀ ਕੀਤੇ ਗਏ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਮਾਰਚ ਦੇ ਬਾਅਦ ਲਾਗੂ ਲਾਕਡਾਊਨ ਦਾ ਮੁਲਾਂਕਣ ਕੀਤਾ ਜਾਣਾ ਬਾਕੀ ਹੈ, ਜਿਸ ਦਾ ਪ੍ਰਭਾਵ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਤੇ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਪੋਸਟ ਸਟੱਡੀ ਵਰਕ ਵੀਜ਼ਾ ਜਾਂ ਗ੍ਰੈਜੂਏਟ ਰੂਟ ਵੀਜ਼ਾ ਯੋਜਨਾ ਅਕਾਦਮਿਕ ਸਾਲ 2020-21 ਤੋਂ ਲਾਗੂ ਹੋਈ ਹੈ ਅਤੇ ਇਸ ਨਾਲ ਬ੍ਰਿਟੇਨ ਆਉਣ ਵਾਲੇ ਵਿਦਿਆਰਥੀਆਂ 'ਤੇ ਵਧੇਰੇ ਸਾਕਾਰਾਤਮਕ ਅਸਰ ਪੈਣ ਦੀ ਉਮੀਦ ਹੈ।