ਨਿਊਯਾਰਕ: ਇਕ ਭਾਰਤੀ ਔਰਤ ਅਤੇ ਉਸ ਦੀ ਬੇਟੀ ਨੂੰ ਫਰਜ਼ੀ ਤਰੀਕੇ ਨਾਲ ਬੀਮਾ ਰਾਸ਼ੀ ਪ੍ਰਾਪਤ ਕਰਨ ਲਈ ਆਪਣੀ ਦੁਕਾਨ ’ਚ ਅੱਗ ਲਗਾਉਣ ਦੀ ਸਾਜਿਸ਼ ਰਚਣ ਦੇ ਮਾਮਲੇ ’ਚ ਜੇਲ ਦੀ ਸਜ਼ਾ ਸੁਣਾਈ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਮਨਜੀਤ (49) ਅਤੇ ਉਸ ਦੀ ਬੇਟੀ ਹਰਪਨੀਤ ਬਾਠ (27) ਨੂੰ ਕੇਂਟੁਕੀ ਦੀ ਇਕ ਸੰਘੀ ਅਦਾਲਤ ਨੇ 18 ਮਹੀਨੇ ਅਤੇ 9 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਵਕੀਲ ਨੇ ਕਿਹਾ ਕਿ ਮਨਜੀਤ ਨੇ ਕੇਂਟੁਕੀ ’ਚ ਆਪਣੀ ਦੁਕਾਨ ’ਚ ਅੱਗ ਲਗਾਉਣ ਲਈ ਇਕ ਵਿਅਕਤੀ ਨੂੰ 5, 000 ਡਾਲਰ ਦੇਣ ਦੀ ਗੱਲ ਸਵਿਕਾਰ ਕੀਤੀ ਸੀ। ਉਹ ਬੀਮੇ ਦਾ ਪੈਸਾ ਲੈਣ ਲਈ ਦੁਕਾਨ ’ਚ ਅੱਗ ਲਗਵਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਸਿੰਘ ਦੀ ਬੇਟੀ ਨੇ ਵੀ ਕੈਨੇਡਾ ਤੋਂ ਕੇਂਟੁਕੀ ਆ ਕੇ ਮਾਂ ਦੀ ਇਸ ਅਪਰਾਧ ’ਚ ਮਦਦ ਕਰਨ ਦੀ ਗੱਲ ਸਵਿਕਾਰ ਕੀਤੀ ਹੈ। ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਹੀ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਸਜ਼ਾ ਤੋਂ ਇਲਾਵਾ ਦੋਹਾਂ ’ਤੇ ਸਾਂਝੇ ਤੌਰ ’ਤੇ 7, 500 ਡਾਲਰ ਅਤੇ ਬਾਠ ’ਤੇ 2, 500 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।