ਚੰਡੀਗੜ੍ਹ (ਸੱਚੀ ਕਲਮ ਬਿਊਰੋ): ਅਪਰਾਧ ਸ਼ਾਖਾ ਨੇ ਨਸ਼ਾ ਤਸਕਰੀ ਕਰਨ ਵਾਲੇ ਕੌਮਾਂਤਰੀ ਗਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਨਸ਼ੇ ਦੀ ਵੱਡੀ ਖੇਪ ਨਾਲ ਦੋ ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਤੋਂ 12 ਕਿਲੋ ਚਰਸ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਨੇਪਾਲ ਵਾਸੀ ਕਿਰਣ ਕੁਮਾਰ (33) ਅਤੇ ਖੁਸ਼ਾਲ ਪੌਡੇਲ (35) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੋਹਾਂ ਵਿਰੁਧ ਸੈਕਟਰ-31 ਥਾਣੇ ਵਿਚ ਮਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
- ਮੁਲਜ਼ਮਾਂ ਤੋਂ 12 ਕਿੱਲੋ ਚਰਸ ਬਰਾਮਦ
- ਨੇਪਾਲ ਤੋਂ ਭਾਰਤ ਵਿਚ ਸਪਲਾਈ ਕਰਨ ਦੀ ਸੀ ਯੋਜਨਾ
ਐਸ.ਪੀ. ਕਰਾਈਮ ਵਿਨੀਤ ਕੁਮਾਰ ਨੇ ਦਸਿਆ ਕਿ ਮੁਲਜ਼ਮ ਨੇਪਾਲ ਦੇ ਰਸਤੇ ਤੋਂ ਚਰਸ ਲਿਆ ਕੇ ਹਿਮਾਚਲ, ਚੰਡੀਗੜ੍ਹ ਅਤੇ ਗੋਆ ਵਿਚ ਵੇਚਦੇ ਸਨ। ਉਨ੍ਹਾਂ ਦਸਿਆ ਕਿ ਲੋਕ ਸਭਾ ਚੋਣ ਨੂੰ ਲੈ ਕੇ ਐਸਆਈ ਸਤਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਸੈਕਟਰ-31 ਵਿਚ ਪਟਰੌਲਿੰਗ ਕਰ ਰਹੀ ਸੀ। ਟੀਮ ਨੇ ਉਥੇ ਗੁਰੁਦਵਾਰਾ ਸਿੰਘ ਸਭਾ ਕੋਲ ਦੋ ਲੋਕਾਂ ਨੂੰ ਬੈਗ ਲੈ ਕੇ ਜਾਂਦੇ ਵੇਖਿਆ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕਿਆ। ਜਦੋਂ ਉਨ੍ਹਾਂ ਦਾ ਬੈਗ ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਭਾਰੀ ਮਾਤਰਾ ਵਿਚ ਚਰਸ ਰੱਖੀ ਹੋਈ ਸੀ। ਕਿਰਣ ਕੁਮਾਰ ਦੇ ਬੈਗ ਤੋਂ 11 ਅਤੇ ਖੁਸ਼ਲ ਪੌਂਡੇਲ ਤੋਂ 1 ਕਿੱਲੋ ਚਰਸ ਬਰਾਮਦ ਹੋਈ। ਐਸਪੀ ਨੇ ਦਸਿਆ ਕਿ ਦੋਵੇਂ ਮੁਲਜਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿਲਸਿਲੇ ਵਿਚ ਕਈ ਵਾਰ ਭਾਰਤ ਦਾ ਦੌਰਾ ਕਰ ਚੁਕੇ ਹਨ। ਇਸ ਵਾਰ ਦੋਵੇਂ ਚੰਡੀਗੜ੍ਹ, ਗੋਆ ਅਤੇ ਹਿਮਚਾਲ ਦੇ ਵੱਖ-ਵੱਖ ਖੇਤਰਾਂ ਵਿਚ ਨਸ਼ੇ ਦੀ ਖੇਪ ਨੂੰ ਸਪਲਾਈ ਕਰਨ ਦੀ ਯੋਜਨਾ ਨਾਲ ਭਾਰਤ ਆਏ ਸਨ। ਪੁਲਿਸ ਮੁਤਾਬਕ ਕਿਰਣ ਕੁਮਾਰ 2018 ਵਿਚ ਢਾਈ ਕਿੱਲੋ ਚਰਸ ਅਤੇ ਫ਼ਰਵਰੀ 2019 ਵਿਚ 5 ਕਿਲੋ ਚਰਮ ਹਿਮਾਚਲ ਵਿਚ ਸਪਲਾਈ ਕਰ ਚੁਕਾ ਹੈ। ਉਸ ਨੇ ਮਲੇਸ਼ੀਆ ਵਿਚ ਕਿਸੇ ਕੰਪਨੀ ਵਿਚ ਸੁਰੱਖਿਆ ਕਰਮਚਾਰੀ ਤਿੰਨ ਸਾਲ ਕੰਮ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਮਲੇਸ਼ੀਅਨ ਸਰਕਾਰ ਨੇ ਡਿਪੋਟ ਕਰ ਦਿਤਾ ਸੀ।