ਬੀਜਿੰਗ : ਚੀਨ ਦੀ ਕੰਪਨੀ ਬਾਈਟਡਾਂਸ ਅਮਰੀਕਾ ਵਿਰੁਧ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਬਾਈਟਡਾਂਸ ਕੋਲ ਵੀਡੀਉ ਐਪ ਟਿਕਟਾਕ ਦਾ ਅਧਿਕਾਰ ਹੈ। ਚੀਨ ਦੀ ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਪ ਨਾਲ ਕਿਸੇ ਤਰ੍ਹਾਂ ਦੇ ਅਮਰੀਕੀ ਲੈਣ-ਦੇਣ 'ਤੇ ਰੋਕ ਦੇ ਹੁਕਮਾਂ ਦੇ ਵਿਰੁਧ ਮੁਕੱਦਮਾ ਦਰਜ ਕਰਨ ਜਾ ਰਹੀ ਹੈ। ਇਸ ਦੇ ਇਲਾਵਾ ਕੰਪਨੀ ਅਮਰੀਕਾ 'ਚ ਅਪਣਾ ਕਾਰੋਬਾਰ ਬੰਦ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਟਰੰਪ ਨੇ 6 ਅਗੱਸਤ ਨੂੰ ਟਿਕਟਾਕ ਅਤੇ ਵੀਚੈਟ 'ਤੇ ਅਮਰੀਕਾ 'ਚ ਪਾਬੰਦੀ ਲਗਾ ਦਿਤੀ ਸੀ। ਅਮਰੀਕੀ ਪ੍ਰਸ਼ਾਸ਼ਨ ਦੇ ਕਹਿਣਾ ਹੈ ਸੀ ਕਿ ਇਹ ਐਪ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਅਰਥਵਿਵਸਥਾ ਲਈ ਖ਼ਤਰਾ ਹੈ। ਹੁਕਮਾਂ ਮੁਤਾਬਕ ਅਮਰੀਕੀ ਅਧਿਕਾਰ ਖੇਤਰ ਦੇ ਤਹਿਤ ਬਾਈਟਡਾਂਸ ਨਾਲ ਕਿਸੇ ਤਰ੍ਹਾਂ ਦੇ ਲੈਣ ਦੇਣ 'ਤੇ 45 ਦਿਨ ਜਾਂ ਸਤੰਬਰ ਮੱਧ ਤਕ ਰੋਕ ਲੱਗ ਜਾਵੇਗੀ। ਅਮਰੀਕੀ ਅਧਿਕਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕੰਪਨੀ ਅਮਰੀਕੀ ਲੋਕਾਂ ਦਾ ਵੇਰਵਾ ਚੀਨ ਸਰਕਾਰ ਨਾਲ ਸਾਂਝਾ ਕਰ ਸਕਦੀ ਹੈ। ਹਾਲਾਂਕਿ, ਬਾਈਟਡਾਂਸ ਨੇ ਇਸ ਦਾ ਖੰਡਨ ਕੀਤਾ ਹੈ।