ਸ੍ਰੀਨਗਰ : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਤੋਂ ਅਸਤੀਫ਼ਾ ਦੇ ਕੇ ਪਿਛਲੇ ਸਾਲ ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ ਦਾ ਗਠਨ ਕਰਨ ਵਾਲੇ ਸ਼ਾਹ ਫ਼ੈਸਲ ਨੇ ਇਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਫ਼ੈਸਲ ਨੇ ਰਾਜਨੀਤੀ ਛੱਡਣ ਦਾ ਸੰਕੇਤ ਐਤਵਾਰ ਨੂੰ ਦਿਤਾ ਸੀ ਜਦ ਉਸ ਨੇ ਟਵਿਟਰ 'ਤੇ ਅਪਣੀ ਨਿਜੀ ਜਾਣਕਾਰੀ ਐਡਿਟ ਕਰਦਿਆਂ ਅਪਣੇ ਰਾਜਸੀ ਸਬੰਧਾਂ ਬਾਰੇ ਜ਼ਿਕਰ ਹਟਾ ਦਿਤਾ ਸੀ।
ਪਹਿਲਾਂ ਆਈਏਐਸ ਦੀ ਨੌਕਰੀ ਤੇ ਹੁਣ ਪਾਰਟੀ ਛੱਡੀ
ਜੇਕੇਪੀਐਮ ਦੇ ਬਿਆਨ ਮੁਤਾਬਕ ਰਾਜ ਵਿਚ ਜਾਰੀ ਸਿਆਸੀ ਘਟਨਾਕ੍ਰਮ ਬਾਰੇ ਚਰਚਾ ਲਈ ਪਾਰਟੀ ਦੀ ਕਾਰਜਕਾਰਣੀ ਦੀ ਸੋਮਵਾਰ ਨੂੰ ਆਨਲਾਈਨ ਬੈਠਕ ਹੋਈ। ਜੇਕੇਪੀਐਮ ਨੇ ਕਿਹਾ, 'ਬੈਠਕ ਵਿਚ ਜਥੇਬੰਦਕ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਡਾ. ਸ਼ਾਹ ਫ਼ੈਸਲ ਦੀ ਬੇਨਤੀ ਬਾਰੇ ਚਰਚਾ ਕੀਤੀ ਗਈ। ਡਾ. ਫ਼ੈਸਲ ਨੇ ਰਾਜ ਕਾਰਜਕਾਰਣੀ ਦੇ ਮੈਂਬਰਾਂ ਨੂੰ ਦਸਿਆ ਸੀ ਕਿ ਉਹ ਰਾਜਸੀ ਗਤੀਵਿਧੀਆਂ ਜਾਰੀ ਰੱਖਣ ਦੀ ਹਾਲਤ ਵਿਚ ਨਹੀਂ ਅਤੇ ਉਹ ਚਾਹੁੰਦੇ ਹਨ ਕਿ ਉਸ ਨੂੰ ਪਾਰਟੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿਤਾ ਜਾਵੇ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਗਿਆ ਹੈ।' ਕਿਹਾ ਗਿਆ ਹੈ ਕਿ ਜਦ ਤਕ ਰਸਮੀ ਚੋਣ ਨਹੀਂ ਹੋ ਜਾਂਦੀ ਤਦ ਤਕ ਮੀਤ ਪ੍ਰਧਾਨ ਫ਼ਿਰੋਜ਼ ਪੀਰਜ਼ਾਦਾ ਨੂੰ ਅੰਤਰਮ ਪ੍ਰਧਾਨ ਬਣਾਇਆ ਜਾਂਦਾ ਹੈ। ਕਮੇਟੀ ਨੇ ਇਸ ਦੇ ਚੇਅਰਮੈਨ ਜਾਵੇਦ ਮੁਸਤਫ਼ਾ ਮੀਰ ਦਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਹੈ ਜਿਹੜੇ ਸਾਬਕਾ ਵਿਧਾਇਕ ਹਨ। ਜਨਵਰੀ 2019 ਵਿਚ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਫ਼ੈਸਲ ਨੇ ਦੋ ਮਹੀਨੇ ਮਗਰੋਂ ਹੀ ਅਪਣੀ ਰਾਜਸੀ ਪਾਰਟੀ ਬਣਾ ਲਈ ਸੀ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਪਿਛਲੇ ਸਾਲ ਅਗੱਸਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਫ਼ੈਸਲੇ ਦਾ ਵਿਰੋਧ ਕਰਦੇ ਸਨ। ਇਸ ਸਾਲ ਉਸ ਨੂੰ ਜੂਨ ਵਿਚ ਰਿਹਾਅ ਕਰ ਦਿਤਾ ਗਿਆ ਸੀ।