ਬੀਜਿੰਗ : ਚੀਨ ਜਿਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਤਰੀ ਚੀਨ 'ਚ ਵਿਅਕਤੀ ਦੀ ਬਿਊਬੋਨਿਕ ਪਲੇਗ ਨਾਲ ਮੌਤ ਹੋ ਗਈ ਹੈ। ਦੇਸ਼ ਦੇ ਮੰਗੋਲਿਆ ਖੇਤਰ ਨੇ ਅਪਣੀ ਵੈੱਬਸਾਈਟ 'ਤੇ ਦਸਿਆ ਹੈ ਕਿ ਬਿਊਬੋਨਿਕ ਪਲੇਗ ਦੇ ਇਕ ਮਾਮਲੇ 'ਚ ਕਈ ਅੰਗ ਫ਼ੇਲ ਹੋਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜਿਸ ਖੇਤਰ 'ਚ ਇਹ ਸੰਕ੍ਰਮਿਤ ਵਿਅਕਤੀ ਰਹਿੰਦਾ ਸੀ ਉਸ ਨੂੰ ਸੀਲ ਕਰ ਦਿਤਾ ਹੈ ਤੇ 7 ਕਰੀਬੀਆਂ ਨੂੰ ਮੈਡੀਕਲ ਨਿਗਰਾਨੀ 'ਚ ਰਖਿਆ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਸਾਰੇ ਲੋਕਾਂ ਦਾ ਪਲੇਗ ਟੈਸਟ ਨੈਗੇਟਿਵ ਪਾਇਆ ਗਿਆ ਹੈ ਤੇ ਕੋਈ ਲੱਛਣ ਦਿਖਾਈ ਨਹੀਂ ਦਿਤਾ। ਬਾਉਟੋ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡਾਕਟਰ ਅਧਿਕਾਰੀਆਂ ਨੇ ਚਾਰ ਦਿਨ ਪਹਿਲਾਂ ਇਕ ਹੋਰ ਵਿਆਕਤੀ ਦੀ ਮੌਤ ਦਾ ਕਾਰਨ, ਇਕ ਰਹੱਸਮਈ ਬਿਮਾਰੀ ਦੱਸੀ ਗਈ ਹੈ। ਇਹ ਵਿਅਕਤੀ ਵੀ ਮੰਗੋਲਿਆ ਖੇਤਰ 'ਚ ਰਹਿੰਦਾ ਸੀ।
ਇਸ ਤੋਂ ਪਹਿਲਾਂ ਜੁਲਾਈ 'ਚ ਚੀਨ ਦੇ ਮੰਗੋਲਿਆ 'ਚ ਇਕ 15 ਸਾਲ ਦੇ ਲੜਕੇ ਦੀ ਬਿਊਬੋਨਿਕ ਪਲੇਗ ਦੇ ਕਾਰਨ ਮੌਤ ਹੋ ਗਈ ਸੀ। ਚੀਨ ਦੇ ਸਿਹਤ ਮੰਤਰਾਲੇ ਅਨੁਸਾਰ ਮਰਮੈਟ ਜਾਨਵਰ ਦਾ ਮਾਸ ਰੱਖਣ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਚੀਨ ਦਾ ਦਾਅਵਾ ਹੈ ਕਿ ਉਸ ਨੇ ਵੱਡੇ ਪੈਮਾਨੇ 'ਤੇ ਪਲੇਗ ਨੂੰ ਖ਼ਤਮ ਕਰ ਦਿਤਾ ਹੈ ਪਰ ਪੂਰੀ ਤਰ੍ਹਾਂ ਤਾਂ ਰਿਪੋਰਟ 'ਚ ਹੀ ਪਤਾ ਚੱਲੇਗਾ। ਚੀਨ 'ਚ ਬਿਊਬੋਨਿਕ ਪਲੇਗ ਦਾ ਆਖ਼ਰੀ ਪ੍ਰਕੋਪ 2009 'ਚ ਦੇਖਿਆ ਗਿਆ ਸੀ, ਜਦੋਂ ਤਿੱਬਤੀ ਪਠਾਰ 'ਤੇ ਕਿੰਧਈ ਸੂਬੇ ਦੇ ਜ਼ਿਕੇਤਨ ਸ਼ਾਹਿਰ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।