ਵੈਲਿੰਗਟਨ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਬੀਤੇ ਮਹੀਨੇ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 50 ਲੋਕ ਮਾਰੇ ਗਏ। ਇਸ ਖੂਨੀ ਕਤਲੇਆਮ ਦੀ ਵੀਡੀਓ ਆਪਣੇ ਕੋਲ ਰੱਖਣ ਵਾਲੇ ਜਾਂ ਉਸ ਨੂੰ ਪ੍ਰਸਾਰਿਤ ਕਰਨ ਦੇ ਦੋਸ਼ੀਆਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਕਤਲੇਆਮ ਦੀ ਵੀਡੀਓ ਦੀ ਫੇਸਬੁੱਕ 'ਤੇ ਲਾਈਵ ਸਟ੍ਰੀਮਿੰਗ ਕੀਤੀ ਗਈ ਅਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਇਹ ਇੰਟਰਨੈੱਟ 'ਤੇ ਤੇਜ਼ੀ ਨਾਲ ਫੈਲ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਵੀਡੀਓ ਸ਼ੇਅਰ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਨਿਊਜ਼ੀਲੈਂਡ ਵਿਚ ਗੈਰ ਕਾਨੂੰਨੀ ਐਲਾਨਿਆ ਹੈ। ਇਸ ਘਟਨਾ ਦਾ ਵੀਡੀਓ ਰੱਖਣ ਵਾਲੇ ਜਾਂ ਉਸ ਨੂੰ ਪ੍ਰਸਾਰਿਤ ਕਰਨ ਦੇ ਦੋਸ਼ ਵਿਚ 6 ਲੋਕਾਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਕ੍ਰਾਈਸਟਚਰਚ ਕੋਰਟ ਨਿਊਜ਼ ਵੈਬਸਾਈਟ ਮੁਤਾਬਕ ਵਕੀਲ ਪਿਪ ਕਰੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਪਹਿਲਾਂ ਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।