ਡੇਰਾਬੱਸੀ, (ਸੱਚੀ ਕਲਮ ਬਿਊਰੋ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਸਖ਼ਤੀ ਦੇ ਚੱਲਦਿਆਂ ਡੇਰਾਬੱਸੀ ਹਲਕੇ ਦੀ ਲੈਹਲੀ ਚੌਕੀ ਦੇ ਇੰਚਾਰਜ ਨਰਪਿੰਦਰਪਾਲ ਸਿੰਘ ਦੀ ਟੀਮ ਨੇ ਮੁੱਖ ਮਾਰਗ 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ 2 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀ ਨੌਜਵਾਨ ਦੀ ਪਹਿਚਾਣ ਖਲਿੰਦਰ ਕੁਮਾਰ ( 21) ਪੁੱਤਰ ਹਰੀ ਚੰਦ ਵਾਸੀ ਪਿੰਡ ਅੰਜਲੀ ਥਾਣਾ ਸਿਰੌਲੀ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦੇ ਤੌਰ ਤੇ ਹੋਈ ਹੈ । ਇਹ ਨੌਜਵਾਨ ਵੀ ਬੱਸ ਦੀ ਤਲਾਸ਼ੀ ਦੌਰਾਨ ਬੱਸ 'ਚੋਂ ਉਤਰ ਕੇ ਭੱਜਣ ਲੱਗਾ ਸੀ । ਜਿਸ ਨੂੰ ਪੁਲਸ ਦੀ ਟੀਮ ਨੇ ਦਬੋਚ ਲਿਆ ।
ਡੀਐੱਸਪੀ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਲਾਲੜੂ ਥਾਣਾ ਮੁਖੀ ਗੁਰਚਰਨ ਸਿੰਘ ਦੀ ਅਗਵਾਈ 'ਚ ਲੈਹਲੀ ਚੌਕੀ ਦੇ ਇੰਚਾਰਜ ਨਰਪਿੰਦਰਪਾਲ ਸਿੰਘ ਦੀ ਟੀਮ ਵੱਲੋਂ ਵਾਹਨਾਂ ਦੀ ਐਤਵਾਰ ਸ਼ਾਮੀਂ ਕਰੀਬ ਸਾਢੇ ਪੰਜ ਵਜੇ ਚੈਕਿੰਗ ਕੀਤੀ ਜਾ ਰਹੀ ਸੀ । ਇਸ ਦੌਰਾਨ ਅੰਬਾਲਾ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਡਿਪੂ ਦੀ ਇਕ ਬੱਸ ਨੂੰ ਤਲਾਸ਼ੀ ਲਈ ਰੋਕਿਆ ਗਿਆ, ਜਿਸ ਵਿਚ ਸਵਾਰ ਉਕਤ ਨੌਜਵਾਨ ਕੋਲੋ 2 ਕਿੱਲੋ ਅਫ਼ੀਮ ਬਰਾਮਦ ਹੋਈ । ਜਿਸ ਦੀ ਮਾਰਕੀਟ ਕੀਮਤ ਲੱਖਾ ਰੁਪਏ ਬਣਦੀ ਹੈ । ਪੁਲਿਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਲਈ ਪੁਲਿਸ ਨੂੰ ਸੌਂਪ ਦਿੱਤਾ । ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਵੀ ਅਹਿਮ ਸੁਰਾਗ਼ ਮਿਲਣ ਦੀ ਸੰਭਾਵਨਾ ਹੈ । ਉਨ੍ਹਾਂ ਦਾਅਵਾ ਕੀਤਾ ਕਿ ਚੋਣ ਜ਼ਾਬਤੇ ਦੌਰਾਨ ਪੁਲਿਸ ਟੀਮ ਵਲੋਂ ਨਸ਼ਿਆਂ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ ।