ਨਵੀਂ ਦਿੱਲੀ : ਦੇਸ਼ ਵਿਚ ਅੱਜ ਤੋਂ ਅਨਲਾਕ-2.0 ਦਾ ਆਗਾਜ਼ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚੱਲੇਗਾ। ਕਰੀਬ 4 ਮਹੀਨੇ ਤੱਕ ਦੇਸ਼ ਵਿਚ ਤਾਲਾਬੰਦੀ ਰਹੀ ਅਤੇ ਉਸ ਦੇ ਬਾਅਦ ਹੁਣ ਹੋਲੀ-ਹੋਲੀ ਇਸ ਨੂੰ ਅਨਲਾਕ ਕੀਤਾ ਜਾ ਰਿਹਾ ਹੈ। ਅਨਲਾਕ 1 ਵਿਚ ਕਾਫ਼ੀ ਗਤੀਵਿਧੀਆਂ ਵਿਚ ਛੋਟ ਦਿੱਤੀ ਗਈ ਸੀ, ਜਿਸ ਦੇ ਬਾਅਦ ਹੁਣ ਅਨਲਾਕ 2.0 ਦਾ ਆਗਾਜ਼ ਹੋਇਆ ਹੈ।
ਇਹ ਹੋਣਗੇ ਬਦਲਾਅ
- ਘਰੇਲੂ ਉਡਾਣਾਂ 'ਤੇ ਸਪੈਸ਼ਲ ਟ੍ਰੇਨਾਂ 'ਚ ਇਜ਼ਾਫਾ ਹੋ ਸਕਦਾ ਹੈ
- ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲ੍ਹਣਗੇ
- ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਖੁੱਲ੍ਹਣਗੇ
- ਰੈਸਟੋਰੈਂਟ ਤੇ ਹੋਟਲ ਰਾਤ 9 ਵਜੇ ਤਕ ਖੁੱਲ੍ਹਣਗੇ
- ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਰਾਤ 8 ਵਜੇ ਤਕ ਖੁੱਲ੍ਹਣਗੀਆਂ
- ਹੁਣ ਰਾਤ 10 ਵਜੇ ਤੱਕ ਖੁੱਲ੍ਹ ਸਕਦੀਆਂ ਨੇ ਦੁਕਾਨਾਂ
- ਹੁਣ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜ਼ਾਰੀ ਰਹੇਗਾ। ਪਹਿਲਾਂ ਇਹ ਸਮਾਂ 9 ਤੋਂ 5 ਵਜੇ ਤੱਕ ਸੀ।
- ਦੁਕਾਨਾਂ ਵਿਚ 5 ਤੋਂ ਜ਼ਿਆਦਾ ਲੋਕ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੇ ਲਈ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਣਾ ਹੋਵੇਗਾ।
- 15 ਜੁਲਾਈ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟ੍ਰੇਨਿੰਗ ਇੰਸਟੀਚਿਊਟ ਵਿਚ ਕੰਮਕਾਜ ਸ਼ੁਰੂ ਹੋ ਸਕੇਗਾ।
ਇਹ ਬੰਦ ਰਹਿਣਗੇ
- ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਰਹੇਗਾ ਜਾਰੀ
- ਦੇਸ਼ 'ਚ ਸਕੂਲ-ਕਾਲਜ ਅਜੇ ਵੀ ਬੰਦ ਰਹਿਣਗੇ
- ਸਕੂਲ, ਕਾਲਜ ਤੇ ਕੋਚਿੰਗ ਸੈਂਟਰ 31 ਜੁਲਾਈ ਤਕ ਬੰਦ ਰਹਿਣਗੇ।
- ਸਿਨੇਮਾ ਹਾਲ, ਸਵੀਮਿੰਗ ਪੂਲ, ਜਿੰਮ, ਥਿਏਟਰ, ਬਾਰ ਨਹੀਂ ਖੁੱਲ੍ਹਣਗੇ
- ਕੌਮਾਂਤਰੀ ਉਡਾਣਾਂ 'ਤੇ ਆਮ ਰੇਲ ਸੇਵਾ ਬੰਦ ਰਹੇਗੀ
- ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰੋਗਰਾਮਾਂ 'ਤੇ ਪਾਬੰਦੀ
- ਕੰਟੇਨਮੈਂਟ ਜ਼ੋਨ 'ਚ ਨਹੀਂ ਮਿਲੇਗੀ ਕੋਈ ਛੋਟ
ਦੱਸ ਦੇਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਅਨਲਾਕ-1 ਤੋਂ ਬਾਅਦ ਲਾਪ੍ਰਵਾਹੀ ਵਧੀ ਹੈ, ਜੋ ਚਿੰਤਾ ਦਾ ਕਾਰਨ ਹੈ ਪਰ ਸਾਨੂੰ ਇਸ ਲਾਪਰਵਾਹੀ ਨੂੰ ਤਿਆਗਨਾ ਹੋਵੇਗਾ। ਕੋਰੋਨਾ ਵਾਇਰਸ ਨਾਲ ਲੜਦੇ-ਲੜਦੇ ਅਸੀਂ ਅਨਲਾਕ-2 'ਚ ਐਂਟਰੀ ਕਰ ਰਹੇ ਹਾਂ। ਅਸੀਂ ਉਸ ਮੌਸਮ ਵਿਚ ਪ੍ਰਵੇਸ਼ ਕਰ ਰਹੇ ਹਾਂ, ਜਿੱਥੇ ਸਰਦੀ-ਜ਼ੁਕਾਮ-ਬੁਖਾਰ ਇਹ ਸਾਰੇ ਮਾਮਲੇ ਵੱਧ ਰਹੇ ਹਨ। ਦੇਸ਼ ਵਾਸੀਆਂ ਨੂੰ ਉਨ੍ਹਾਂ ਕਿਹਾ ਕਿ ਮੌਸਮ ਵਿਚ ਬਦਲਾਅ ਹੋ ਰਿਹਾ ਹੈ, ਆਪਣਾ ਧਿਆਨ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੇਂ 'ਤੇ ਤਾਲਾਬੰਦੀ ਨੇ ਭਾਰਤ 'ਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪੀ. ਐੱਮ. ਨਿਯਮਾਂ ਦੇ ਉੱਪਰ ਕੋਈ ਨਹੀਂ ਹੈ। ਜੇਕਰ ਕੋਰੋਨਾ ਨਾਲ ਮੌਤ ਦਰ ਨੂੰ ਦੇਖੀਏ ਤਾਂ ਕਈ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਸਥਿਤੀ ਸੰਭਲੀ ਹੋਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਉਸੇ ਤਰ੍ਹਾਂ ਦੀ ਚੌਕਸੀ ਵਰਤਣੀ ਹੋਵੇਗੀ। ਕੰਟੇਨਮੈਂਟ ਜ਼ੋਨ 'ਤੇ ਸਾਨੂੰ ਖਾਸ ਧਿਆਨ ਦੇਣਾ ਹੋਵੇਗਾ।